ਤਰਨ ਤਾਰਨ, 7 ਦਸੰਬਰ (ਹਰਿੰਦਰ ਸਿੰਘ)-ਤਰਨ ਤਾਰਨ ਪੁਲਿਸ ਵਲੋਂ ਵੱਡੀ ਕਾਰਵਾਈ ਕਰਦਿਆਂ ਹੈਰੋਇਨ, ਸਵਿਫਟ ਕਾਰ ਅਤੇ ਨਸ਼ੀਲੇ ਪਦਾਰਥਾਂ ਸਮੇਤ 9 ਵਿਅਕਤੀਆਂ ਨੂੰ ਗਿ੍ਫ਼ਤਾਰ ਕਰਨ ਵਿਚ ਸਫ਼ਲਤਾ ਪ੍ਰਾਪਤ ਕੀਤੀ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐਸ.ਐਸ.ਪੀ. ਸੁਰਿੰਦਰ ਲਾਂਬਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਪੁਲਿਸ ਵਲੋਂ ਚਲਾਈ ਗਈ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਨਸ਼ਾ ਤਸਕਰਾਂ ਨੂੰ ਨੱਥ ਪਾਉਣ ਲਈ ਵੱਡੀ ਕਾਰਵਾਈ ਆਰੰਭੀ ਹੋਈ ਹੈ | ਉਨ੍ਹਾਂ ਕਿਹਾ ਕਿ ਥਾਣਾ ਗੋਇੰਦਵਾਲ ਸਾਹਿਬ ਦੇ ਏ.ਐਸ.ਆਈ. ਅਰਜਨ ਸਿੰਘ ਸਾਥੀ ਕਰਮਚਾਰੀਆਂ ਸਮੇਤ ਗਸ਼ਤ ਦੇ ਸੰਬੰਧ ਵਿਚ ਬੰਦ ਪਈ ਫੈਕਟਰੀ ਨਜ਼ਦੀਕ ਮੌਜੂਦ ਸਨ ਤਾਂ ਉਨ੍ਹਾਂ ਨੇ ਸ਼ੱਕ ਦੇ ਆਧਾਰ 'ਤੇ ਦੋ ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ ਪੰਨੀਆਂ ਅਤੇ ਲਾਈਟਰ ਬ੍ਰਾਮਦ ਕੀਤੇ | ਫੜੇ ਗਏ ਵਿਅਕਤੀਆਂ ਣੀ ਪਛਾਣ ਹਰਦੇਵ ਸਿੰਘ ਪੁੱਤਰ ਬਲਕਾਰ ਸਿੰਘ ਵਾਸੀ ਭੈਲ ਢਾਏ ਵਾਲਾ, ਸਰਵਨ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਗੋ ੲੰਦਵਾਲ ਸਾਹਿਬ ਵਜੋਂ ਹੋਈ | ਇਸੇ ਤਰ੍ਹਾਂ ਥਾਣਾ ਸਦਰ ਤਰਨ ਤਾਰਨ ਦੇ ਏ.ਐਸ.ਆਈ. ਹੀਰਾ ਸਿੰਘ ਨੇ ਗਸ਼ਤ ਦੌਰਾਨ ਮਹਾਂਬੀਰ ਸਿੰਘ ਉਰਫ਼ ਮਾਹੀ ਪੁੱਤਰ ਸਤਨਾਮ ਸਿੰਘ ਵਾਸੀ ਸ਼ੇਖਚੱਕ, ਚਮਕੌਰ ਸਿੰਘ ਪੁੱਤਰ ਕਰਮ ਸਿੰਘ ਵਾਸੀ ਨੌਰੰਗਾਬਾਦ, ਸੁਖਰਾਜ ਸਿੰਘ ਉਰਫ਼ ਗੱਜੂ ਪੁੱਤਰ ਨਿਸ਼ਾਨ ਸਿੰਘ ਵਾਸੀ ਨੌਰੰਗਾਬਾਦ ਨੂੰ ਸ਼ੱਕ ਦੇ ਆਧਾਰ 'ਤੇ ਕਾਬੂ ਕਰਕੇ ਉਨ੍ਹਾਂ ਪਾਸੋਂ ਕ੍ਰਮਵਾਰ 10 ਗ੍ਰਾਮ 15 ਮਿਲੀਗ੍ਰਾਮ, 10 ਗ੍ਰਾਮ 21 ਮਿਲੀਗ੍ਰਾਮ ਅਤੇ 10 ਗ੍ਰਾਮ 5 ਮਿਲੀਗ੍ਰਾਮ ਹੈਰੋਇੰਨ ਅਤੇ ਇਕ ਕਾਰ ਸਵਿੱਫਟ ਨੰਬਰ ਪੀ.ਬੀ.65.ਕੇ. 3048 ਸਮੇਤ ਕਾਬੂ ਕੀਤਾ ਹੈ | ਐਸ.ਐਸ.ਪੀ. ਨੇ ਦੱਸਿਆ ਕਿ ਥਾਣਾ ਕੱਚਾ ਪੱਕਾ ਦੇ ਸਬ ਇੰਸਪੈਕਟਰ ਕਮਲਦੀਪ ਸਿੰਘ ਪੁਲਿਸ ਪਾਰਟੀ ਸਮੇਤ ਥਾਣਾ ਕੱਚਾ ਪੱਕਾ ਤੋਂ ਦਿਆਲਪੁਰ, ਕੱਚਾ ਪੱਕਾ, ਘੁਰਕਵਿੰਡ ਆਦਿ ਨੂੰ ਜਾ ਰਹੇ ਸੀ ਕਿ ਜਦ ਪੁਲਿਸ ਪਾਰਟੀ ਪੁਲ ਘੁਰਕਵਿੰਡ ਪੁੱਜੀ ਤਾਂ ਪੁਲ ਦੇ ਅਗਲੇ ਪਾਸੇ ਇਕ ਮੋਨਾ ਵਿਅਕਤੀ ਖੜਾ ਦਿਖਾਈ ਦਿੱਤਾ, ਜੋ ਪੁਲਿਸ ਦੀ ਗੱਡੀ ਨੂੰ ਆਉਂਦੀ ਵੇਖ ਕੇ ਖੱਬੀ ਜੇਬ ਵਿਚੋਂ ਕੋਈ ਇਤਰਾਜਯੋਗ ਵਸਤੂ ਸੜਕ ਦੇ ਕਿਨਾਰੇ ਸੁੱਟ ਕੇ ਕਾਹਲੇ ਕਦਮੀ ਹੋ ਤੁਰਿਆ ਤਾਂ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਉਕਤ ਵਿਅਕਤੀ ਨੂੰ ਕਾਬੂ ਕਰਕੇ ਉਸ ਦੀ ਜਦ ਤਲਾਸ਼ੀ ਲਈ ਤਾਂ ਉਸ ਪਾਸੋਂ 8 ਗ੍ਰਾਮ ਹੈਰੋਇਨ ਬਰਾਮਦ ਹੋਈ | ਫੜੇ ਗਏ ਵਿਅਕਤੀ ਦੀ ਪਛਾਣ ਗੁਰਪਿੰਦਰ ਸਿੰਘ ਉਰਫ ਭਿੰਦਾ ਪੁੱਤਰ ਜੱਸਾ ਸਿੰਘ ਵਾਸੀ ਲਖਣਾ ਤਪਾ ਵਜੋਂ ਹੋਈ | ਇਸੇ ਤਰ੍ਹਾਂ ਥਾਣਾ ਸਿਟੀ ਪੱਟੀ ਦੇ ਸਬ ਇੰਸਪੈਕਟਰ ਮਨਪ੍ਰੀਤ ਕੌਰ ਪੁਲਿਸ ਕਰਮਚਾਰੀਆਂ ਸਮੇਤ ਗਸ਼ਤ ਦੇ ਸੰਬੰਧ ਵਿਚ ਖੇਮਕਰਨ ਰੋਡ 'ਤੇ ਬਣੇ ਖ਼ਾਲੀ ਗੌਦਾਮਾਂ ਕੋਲ ਮੌਜੂਦ ਸਨ ਤਾਂ ਉਨ੍ਹਾਂ ਨੇ ਇਕ ਵਿਅਕਤੀ, ਜੋ ਕਿ ਪੰਨੀ ਸਿਲਵਰ ਹੇਠਾਂ ਲਾਈਟਰ ਨਾਲ ਅੱਗ ਬਾਲ ਕੇ ਪਾਈਪ ਰਾਹੀਂ ਧੂੰਆਂ ਆਪਣੇ ਮੂੰਹ ਰਾਹੀਂ ਖਿੱਚ ਰਿਹਾ ਸੀ, ਨੂੰ ਕਾਬੂ ਕਰਕੇ ਉਸ ਪਾਸੋਂ ਇਕ ਸਿਲਵਰ ਪੰਨੀ, ਇਕ 10 ਰੁਪਏ ਦਾ ਨੋਟ ਅਤੇ ਲਾਈਟਰ ਸਮੇਤ ਕਾਬੂ ਕੀਤ | ਫੜੇ ਗਏ ਵਿਅਕਤੀ ਦੀ ਪਛਾਣ ਰਾਜ ਕੁਮਾਰ ਪੁੱਤਰ ਬਾਊ ਲਾਲ ਵਾਸੀ ਵਾਰਡ ਨੰਬਰ 15 ਪੱਟੀ ਵਜੋਂ ਹੋਈ | ਇਸੇ ਤਰ੍ਹਾਂ ਥਾਣਾ ਸਰਹਾਲੀ ਦੇ ਏ.ਐਸ.ਆਈ. ਵਰਿਆਮ ਸਿੰਘ ਸਾਥੀ ਕਰਮਚਾਰੀਆਂ ਨਾਲ ਗਸ਼ਤ ਦੇ ਸੰਬੰਧ ਵਿਚ ਨੇੜੇ੍ਹ ਗੁਰਦੁੁਆਰਾ ਹਿਸੋਆਣਾ ਸਾਹਿਬ ਨੌਸ਼ਹਿਰਾ ਪੰਨੂੰਆਂ ਵਿਖੇ ਮੌਜੂਦ ਸਨ ਤਾਂ ਉਨ੍ਹਾਂ ਨੂੰ ਇਕ ਅੱਧਖੜ ਉਮਰ ਦਾ ਵਿਅਕਤੀ ਆਉਦਾ ਦਿਖਾਈ ਦਿੱਤਾ, ਜੋ ਪੁਲਿਸ ਪਾਰਟੀ ਨੂੰ ਵੇਖ ਕੇ ਘਬਰਾ ਗਿਆ, ਜਿਸ ਨੂੰ ਸ਼ੱਕ ਦੇ ਅਧਾਰ 'ਤੇ ਕਾਬੂ ਕਰਕੇ ਜਦ ਉਸ ਦੀ ਤਲਾਸ਼ੀ ਲਈ ਤਾਂ ਉਸ ਪਾਸੋਂ 11 ਗ੍ਰਾਮ ਹੈਰੋਇਨ ਬਰਾਮਦ ਹੋਈ | ਫੜੇ ਗਏ ਵਿਅਕਤੀ ਦੀ ਪਛਾਣ ਕੁਲਵੰਤ ਸਿੰਘ ਉਰਫ਼ ਕੰਤਾ ਪੁੱਤਰ ਹਰਭਜਨ ਸਿੰਘ ਵਾਸੀ ਪੱਤੀ ਚੜ੍ਹਦੀ ਉਸਮਾ ਵਜੋਂ ਹੋਈ | ਐਸ.ਐਸ.ਪੀ. ਸੁਰਿੰਦਰ ਲਾਂਬਾ ਨੇ ਦੱਸਿਆ ਕਿ ਨਸ਼ਿਆਂ ਵਿਰੁੱਧ ਛੇੜੀ ਜੰਗ ਤਹਿਤ ਇਹ ਕਾਰਵਾਈਆਂ ਇਸੇ ਤਰ੍ਹਾਂ ਹੀ ਜਾਰੀ ਰਹਿਣਗੀਆਂ |
ਹੈਰੋਇਨ, ਸਵਿਫਟ ਕਾਰ ਅਤੇ ਹੋਰ ਨਸ਼ੀਲੇ ਪਦਾਰਥਾਂ ਸਮੇਤ 9 ਵਿਅਕਤੀ ਕਾਬੂ <br/>
ਅਜੀਤ ਡੈਸਕ
08-12-2025