ਤਰਨ ਤਾਰਨ, 7 ਦਸੰਬਰ (ਹਰਿੰਦਰ ਸਿੰਘ)ਹਲਕਾ ਖਡੂਰ ਸਾਹਿਬ ਦੇ ਜ਼ੋਨ ਥੇਹ ਬ੍ਰਾਹਮਣਾ ਤੋਂ ਸ਼ੋ੍ਰਮਣੀ ਅਕਾਲੀ ਦਲ ਦੀ ਉਮੀਦਵਾਰ ਜਸਬੀਰ ਕੌਰ ਪਤਨੀ ਸੁਖਵਿੰਦਰ ਸਿੰਘ ਵਾਸੀ ਗੁਲਾਲੀਪੁਰ ਦੇ ਕਾਗਜਾਤ ਸਹੀ ਪਾਏ ਗਏ ਅਤੇ ਉਹ ਬਿਨਾਂ ਮੁਕਾਬਲਾ ਚੋਣ ਜਿੱਤ ਗਏ | ਇਸ ਜ਼ੋਨ ਦਾ ਇੰਚਾਰਜ ਸ਼ੋ੍ਰਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਅਤੇ ਸਾਬਕਾ ਚੇਅ. ਗੁਰਸੇਵਕ ਸਿੰਘ ਸ਼ੇਖ ਸੀ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਗੁਰਸੇਵਕ ਸਿੰਘ ਸ਼ੇਖ ਨੇ ਦੱਸਿਆ ਕਿ ਉਨਾਂ ਨੂੰ ਕੁੱਲ ਅੱਠ ਜ਼ੋਨ ਦਿੱਤੇ ਗਏ ਹਨ, ਜਿਨ੍ਹਾਂ 'ਚੋਂ ਥੇਹ ਬ੍ਰਾਹਮਣਾ ਤੋਂ ਸ਼ੋ੍ਰਮਣੀ ਅਕਾਲੀ ਦਲ ਦੀ ਉਮੀਦਵਾਰ ਜਸਬੀਰ ਕੌਰ ਬਿਨਾਂ ਮੁਕਾਬਲਾ ਜੇਤੂ ਹੋਈ ਹੈ, ਜਦਕਿ ਬਾਕੀ ਸੱਤਾਂ ਜ਼ੋਨਾਂ ਵਿਚ ਵੱਖ ਵੱਖ ਪਾਰਟੀਆਂ ਦਾ ਅਕਾਲੀ ਦਲ ਨਾਲ ਮੁਕਾਬਲਾ ਹੈ | ਉਨਾਂ ਇਹ ਵੀ ਦਾਅਵਾ ਕੀਤਾ ਕਿ ਇਨ੍ਹਾਂ ਸਾਰੇ ਜ਼ੋਨਾਂ ਵਿਚ ਸ਼ੋ੍ਰਮਣੀ ਅਕਾਲੀ ਦਲ ਦੇ ਉਮੀਦਵਾਰ ਵੱਡੀ ਜਿੱਤ ਦਰਜ ਕਰਨਗੇ ਅਤੇ ਉਹ ਇਹ ਸੀਟ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਝੋਲੀ ਵਿਚ ਪਾਉਣਗੇ | ਇਸ ਮੌਕੇ ਹਲਕਾ ਇੰਚਾਰਜ ਅਤੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਵੀ ਬਿਨਾਂ ਮੁਕਾਬਲਾ ਜਿੱਤੇ ਅਕਾਲੀ ਉਮੀਦਵਾਰ ਜਸਬੀਰ ਕੌਰ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਜਿੱਤਾਂ ਸ਼ੋ੍ਰਮਣੀ ਅਕਾਲੀ ਦਲ ਲਈ ਸ਼ੁੱਭ ਸੰਕੇਤ ਹਨ ਅਤੇ ਸਾਲ 2027 ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਸ਼ੋ੍ਰਮਣੀ ਅਕਾਲੀ ਦਲ ਦੀ ਸਰਕਾਰ ਬਣਾਉਣ ਲਈ ਲੋਕਾਂ ਵਿਚ ਭਾਰੀ ਉਤਸ਼ਾਹ ਹੈ |
ਪਿੰਡ ਥੇਹ ਬ੍ਰਾਹਮਣਾ ਤੋਂ ਸ਼ੋ੍ਰਮਣੀ ਅਕਾਲੀ ਦਲ ਦੀ ਜਸਬੀਰ ਕੌਰ ਬਿਨਾਂ ਮੁਕਾਬਲਾ ਜੇਤੂ ਬਣੀ <br/>
ਅਜੀਤ ਡੈਸਕ
08-12-2025