ਭਿੱਖੀਵਿੰਡ, 7 ਦਸੰਬਰ (ਬੌਬੀ)-ਕੁੱਲ ਹਿੰਦ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਪੂਰਨ ਸਿੰਘ ਮਾੜੀਮੇਘਾ ਤੇ ਬਲਾਕ ਪ੍ਰਧਾਨ ਜਸਪਾਲ ਸਿੰਘ ਭਿੱਖੀਵਿੰਡ, ਮਜ਼ਦੂਰ ਆਗੂ ਨਰਿੰਦਰ ਸਿੰਘ ਅਲਗੋਂ, ਨੌਜਵਾਨ ਸਭਾ ਦੇ ਸਾਬਕਾ ਪ੍ਰਧਾਨ ਸੁਖਦੇਵ ਸਿੰਘ ਕਾਲਾ ਤੇ ਮੌਜੂਦਾ ਪ੍ਰਧਾਨ ਰਸਾਲ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਦਾ ਬਿਜਲੀ ਬਿੱਲ 2025 ਜੇਕਰ ਕੇਂਦਰ ਦੀ ਭਾਜਪਾ ਸਰਕਾਰ ਕਾਨੂੰਨ ਬਣਾਉਂਦੀ ਹੈ ਅਤੇ ਪੰਜਾਬ ਸਰਕਾਰ ਲਾਗੂ ਕਰਦੀ ਹੈ ਤਾਂ ਮਜ਼ਦੂਰ ਕਿਸਾਨ ਤੇ ਆਮ ਲੋਕਾਂ ਲਈ ਬਿਜਲੀ ਪਹੁੰਚ ਤੋਂ ਬਾਹਰ ਹੋ ਸਕਦੀ ਹੈ, ਕਿਉਂਕਿ ਇਸ ਬਿੱਲ ਦੇ ਕਾਨੂੰਨ ਬਣਨ ਨਾਲ ਬਿਜਲੀ ਦਾ ਪ੍ਰਬੰਧ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਹੋ ਜਾਵੇਗਾ | ਉਨ੍ਹਾਂ ਕਿਹਾ ਕਿ ਬਿਜਲੀ ਇਨਸਾਨ ਦੀ ਮੁੱਢਲੀ ਲੋੜ ਹੈ, ਇਸਨੂੰ ਪੂਰੀ ਤਰ੍ਹਾਂ ਸਰਕਾਰੀ ਕੰਟਰੋਲ ਅਧੀਨ ਹੀ ਰੱਖਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਪ੍ਰਸਤਾਵਤ ਬੀਜ ਬਿੱਲ ਜੋ ਕੇਂਦਰ ਸਰਕਾਰ ਇਸ ਸੈਸ਼ਨ ਵਿਚ ਪੇਸ਼ ਕਰਨ ਜਾ ਰਹੀ ਹੈ | ਇਸ ਨਾਲ ਕੋਈ ਕਿਸਾਨ ਜਾਂ ਯੂਨੀਵਰਸਿਟੀ ਫ਼ਸਲੀ ਬੀਜ ਪੈਦਾ ਨਹੀਂ ਕਰ ਸਕੇਗੀ, ਜਿਸ ਨਾਲ ਫ਼ਸਲੀ ਬੀਜ ਦਾ ਸਮੁੱਚਾ ਕੰਟਰੋਲ ਵਿਦੇਸ਼ੀ ਕੰਪਨੀਆਂ ਹੱਥ ਚਲਾ ਜਾਵੇਗਾ, ਜਿਸ ਨਾਲ ਨਰਮੇ ਦੀ ਖੇਤੀ ਦੀ ਤਰ੍ਹਾਂ ਬਾਕੀ ਫ਼ਸਲਾਂ ਦੀ ਬਰਬਾਦੀ ਵੀ ਪੱਕੀ ਹੈ | ਇਸ ਨਾਲ ਆਮ ਮਜ਼ਦੂਰ ਤੇ ਸਾਧਾਰਨ ਸ਼ਹਿਰੀਆਂ ਨੂੰ ਆਟਾ, ਚੌਲ ਅਤੇ ਹੋਰ ਖੁਰਾਕੀ ਵਸਤਾਂ ਬਹੁਤ ਮਹਿੰਗੀਆਂ ਮਿਲਣਗੀਆਂ | ਉਨ੍ਹਾਂ ਅਪੀਲ ਕੀਤੀ ਕਿ ਹਰ ਸ਼ਹਿਰ ਨੂੰ ਇਨ੍ਹਾਂ ਕਾਨੂੰਨਾਂ ਨੂੰ ਵਾਪਸ ਲੈਣ ਲਈ ਸਰਕਾਰ ਤੇ ਦਬਾਅ ਪਾਉਣਾ ਚਾਹੀਦਾ ਹੈ | ਉਨ੍ਹਾਂ ਪੰਜਾਬ ਸਰਕਾਰ ਨੂੰ ਜ਼ੋਰਦਾਰ ਅਪੀਲ ਕੀਤੀ ਕਿ ਉਹ ਲੋਕ ਹਿਤਾਂ ਲਈ ਇਹ ਕਾਨੂੰਨ ਲਾਗੂ ਕਰਨ ਤੋਂ ਨਾਂਹ ਕਰੇ ਅਤੇ ਪੰਜਾਬ ਵਿਧਾਨ ਸਭਾ ਵਿਚ ਪਾਸ ਕਰੇ ਕਿ ਲੋਕ ਮਾਰੂ ਇਹ ਨੀਤੀਆਂ ਪੰਜਾਬ ਵਿਚ ਲਾਗੂ ਨਹੀਂ ਕਰਾਂਗੇ | ਇਸ ਕਰਕੇ ਅੱਜ ਸਾਰੇ ਬਿਜਲੀ ਘਰਾਂ ਸਮੇਤ ਭਿੱਖੀਵਿੰਡ ਬਿਜਲੀ ਘਰ ਅੱਗੇ ਵੀ 12 ਤੋਂ 3 ਵਜੇ ਤੱਕ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ |