ਭਿੱਖੀਵਿੰਡ, 23 ਦਸੰਬਰ (ਬੌਬੀ)- ਪੌਣੇ ਚਾਰ ਸਾਲਾਂ 'ਚ ਇਕ ਵੀ ਭਰਤੀ ਸਿੱਖਿਆ ਵਿਭਾਗ 'ਚ ਜਾਰੀ ਨਹੀਂ ਕੀਤੀ ਗਈ, ਪ੍ਰੰਤੂ ਪੰਜਾਬ ਸਰਕਾਰ ਸਿੱਖਿਆ ਕ੍ਰਾਂਤੀ ਦੇ ਦਮਗਜੇ ਮਾਰ ਰਹੀ ਹੈ | ਇਸ ਲਈ ਬੇਰੁਜ਼ਗਾਰਾਂ ਨੇ ਆਪਣੀਆਂ ਮੰਗਾਂ ਤੋਂ ਆਮ ਜਨਤਾ ਨੂੰ ਜਾਣੂ ਕਰਵਾਉਣ ਅਤੇ ਪੰਜਾਬ ਸਰਕਾਰ ਦੇ ਫੋਕੇ ਦਾ ਦਾਅਵਿਆਂ ਦੀ ਫੂਕ ਕੱਢਣ ਲਈ ਜਿੱਥੇ 24 ਦਸੰਬਰ ਤੋਂ ਮੁੱਖ ਮੰਤਰੀ ਦੀ ਕੋਠੀ ਅੱਗੇ ਪੱਕਾ ਮੋਰਚਾ ਸ਼ੁਰੂ ਕਰਨ ਦਾ ਐਲਾਨ ਕੀਤਾ ਹੋਇਆ ਹੈ | ਉੱਥੇ ਪੰਜਾਬ ਅੰਦਰ ਕੰਧਾਂ ਉੱਤੇ ਨਾਅਰੇ ਲਿਖਣ ਦੀ ਮੁਹਿੰਮ ਵੀ ਸ਼ੁਰੂ ਕੀਤੀ ਗਈ ਹੈ | ਬੇਰੁਜ਼ਗਾਰ ਸਾਂਝੇ ਮੋਰਚੇ ਦੇ ਜ਼ਿਲ੍ਹਾ ਪ੍ਰਧਾਨ ਹਰਨੰਦ ਸਿੰਘ ਬੱਲਿਆਂਵਾਲਾ, ਸੂਬਾ ਕਮੇਟੀ ਮੈਂਬਰ ਬਖਸ਼ੀਸ਼ ਸਿੰਘ ਅਤੇ ਖਜਾਨਚੀ ਕਰਨਬੀਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਪੌਣੇ ਚਾਰ ਸਾਲਾਂ ਵਿਚ ਸਿੱਖਿਆ ਵਿਭਾਗ ਅੰਦਰ ਨਰਸਰੀ, ਪ੍ਰਾਇਮਰੀ, ਮਾਸਟਰ ਕੇਡਰ, ਲੈਕਚਰਾਰ ਅਤੇ ਸਹਾਇਕ ਪ੍ਰੋਫੈਸਰ ਪੱਧਰ ਤੱਕ ਦੀ ਇਕ ਵੀ ਨਵੀਂ ਅਸਾਮੀ ਜਾਰੀ ਨਹੀਂ ਕੀਤੀ | ਉਲਟਾ ਪਿਛਲੀ ਸਰਕਾਰ ਮੌਕੇ ਦੀਆਂ ਜਾਰੀ ਅਸਾਮੀਆਂ ਜਿਨ੍ਹਾਂ 'ਚ ਲੈਕਚਰਾਰ 343 ਪੋਸਟਾਂ, ਪੀ.ਟੀ.ਆਈ. ਅਧਿਆਪਕ 646 ਅਤੇ 2 ਹਜ਼ਾਰ ਪੀ.ਟੀ.ਆਈ ਅਧਿਆਪਕ ਪੋਸਟਾਂ ਨੂੰ ਰੱਦ ਜਰੂਰ ਕੀਤਾ ਹੈ | ਉਨ੍ਹਾਂ ਦੱਸਿਆ ਕਿ ਮੁੱਖ ਮੁੱਖ ਮੰਤਰੀ ਭਗਵੰਤ ਮਾਨ ਨੇ ਅਨੇਕਾਂ ਥਾਵਾਂ 'ਤੇ ਐਲਾਨ ਕੀਤਾ ਸੀ ਕਿ ਪਿਛਲੀਆਂ ਸਰਕਾਰਾਂ ਮੌਕੇ ਰੁਜ਼ਗਾਰ ਮੰਗਦੇ, ਧਰਨੇ ਲਾਉਂਦੇ ਅਨੇਕਾਂ ਬੇਰੁਜ਼ਗਾਰ ਓਵਰਏਜ਼ ਹੋ ਚੁੱਕੇ ਹਨ | ਪੰਜਾਬ ਸਰਕਾਰ ਕਾਨੂੰਨ ਵਿਚ ਸੋਧ, ਕਰਕੇ ਰੁਜ਼ਗਾਰ ਪ੍ਰਾਪਤੀ ਉਪਰਲੀ ਉਮਰ ਸੀਮਾ ਵਿਚ ਕਾਨੂੰਨੀ ਸੋਧ ਕਰਕੇ ਛੋਟ ਦੇਵੇਗੀ, ਜਦਕਿ ਅਜਿਹਾ ਅਮਲੀ ਰੂਪ 'ਚ ਨਹੀਂ ਕੀਤਾ ਗਿਆ | ਬੇਰੁਜ਼ਗਾਰਾਂ ਦੀਆਂ ਸਮੁੱਚੀਆਂ ਮੰਗਾਂ ਜਿਨ੍ਹਾਂ 'ਚ ਮਾਸਟਰ ਕੇਡਰ, ਲੈਕਚਰਾਰ ਸਹਾਇਕ, ਪ੍ਰੋਫੈਸਰ ਮਲਟੀ ਪਰਪਜ਼ ਹੈਲਥ ਵਰਕਰ (ਪੁਰਸ਼) ਦੀਆਂ ਪੋਸਟਾਂ, ਉਮਰ ਹੱਦ ਛੋਟ ਅਤੇ ਮਾਸਟਰ ਕੇਡਰ 'ਚ ਥੋਪੀ ਬੇਤੁਕੀ ਸ਼ਰਤ 55 ਫੀਸਦੀ ਲਾਜ਼ਮੀ ਅੰਕਾਂ ਨੂੰ ਰੱਦ ਕਰਵਾਉਣ ਲਈ 25 ਦਸੰਬਰ ਤੋਂ ਮੁੱਖ ਮੰਤਰੀ ਦੀ ਕੋਠੀ ਅੱਗੇ ਪੱਕਾ ਮੋਰਚਾ ਸ਼ੁਰੂ ਕੀਤਾ ਜਾਵੇਗਾ, ਕਿਉਂਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ 16 ਮਾਰਚ 2022 ਨੂੰ ਬਣੀ ਸੀ, ਇਸ ਉਪਰੰਤ 31 ਦਸੰਬਰ 2022 ਤੋਂ 31 ਦਸੰਬਰ ਦਸੰਬਰ 2025 ਨੂੰ ਅਨੇਕਾਂ ਬੇਰੁਜ਼ਗਾਰ ਉਮਰ ਅਨੁਸਾਰ ਰੁਜ਼ਗਾਰ ਹਾਸਲ ਕਰਨ ਦੀ ਉੱਪਰਲੀ ਉਮਰ ਸੀਮਾ ਪਾਰ ਕਰ ਚੁੱਕੇ ਹਨ, ਜਿਨ੍ਹਾਂ ਦਾ ਸਿੱਧਾ ਦੋਸ਼ ਆਮ ਆਦਮੀ ਪਾਰਟੀ ਦੇ ਸਿਰ ਲੱਗਦਾ ਹੈ | ਇਸ ਲਈ ਬੇਰੁਜ਼ਗਾਰ ਉਕਤ ਮੰਗਾਂ ਲਈ ਆਪਣਾ ਪੱਕਾ ਮੋਰਚਾ ਸੰਗਰੂਰ ਮੁੱਖ ਮੰਤਰੀ ਦੀ ਕੋਠੀ ਅੱਗੇ ਸ਼ੁਰੂ ਕਰਨਗੇ |