21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਗੁਰੂ ਨਗਰੀ ਤਰਨ ਤਾਰਨ 'ਚ ਟ੍ਰੈਫ਼ਿਕ ਸਮੱਸਿਆ ਬਣੀ ਗੰਭੀਰ <br/>

Ad Position 21
No active advertisement
ਅਜੀਤ ਡੈਸਕ 26-12-2025
ਤਰਨ ਤਾਰਨ, 25 ਦਸੰਬਰ (ਹਰਿੰਦਰ ਸਿੰਘ)-ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਵਲੋਂ ਵਸਾਈ ਹੋਈ ਪਵਿੱਤਰ ਗੁਰੂ ਨਗਰੀ ਤਰਨ ਤਾਰਨ ਵਿਖੇ ਟ੍ਰੈਫਿਕ ਸਮੱਸਿਆ ਦਾ ਬੁਰਾ ਹਾਲ ਹੈ ਅਤੇ ਰੋਜਾਨਾਂ ਹੀ ਸ਼ਹਿਰ ਦੀਆਂ ਸੜਕਾਂ ਉਪਰ ਵਾਹਨਾਂ ਦੇ ਲੰਮੇ ਲੰਮੇ ਜਾਮ ਲੱਗਦੇ ਹਨ, ਜਿਸ ਕਾਰਨ ਵਾਹਨ ਚਾਲਕਾਂ ਨੂੰ ਮੁਸ਼ਕਿਲਾਂ ਪੇਸ਼ ਆ ਰਹੀਆਂ ਹਨ, ਉਥੇ ਪੈਦਲ ਚੱਲਣਾ ਵੀ ਮੁਸ਼ਕਿਲ ਹੋਇਆ ਪਿਆ ਹੈ, ਕਿਉਂਕਿ ਪੈਦਲ ਚੱਲਣ ਲਈ ਜੋ ਫੁੱਟਪਾਥ ਬਣਾਏ ਹੋਏ ਹਨ, ਉਨ੍ਹਾਂ ਉਪਰ ਵੱਡੀ ਪੱਧਰ 'ਤੇ ਦੁਕਾਨਦਾਰਾਂ ਵਲੋਂ ਨਾਜਾਇਜ਼ ਕਬਜੇ ਕੀਤੇ ਹੋਏ ਹਨ, ਜਿਸ ਕਾਰਨ ਟ੍ਰੈਫਿਕ ਸਮੱਸਿਆ ਹੋਰ ਗੰਭੀਰ ਹੁੰਦੀ ਜਾ ਰਹੀ ਹੈ | ਸ਼ਹਿਰ ਦੀਆਂ ਵੱਖ-ਵੱਖ ਸੜਕਾਂ ਉਪਰ ਵਾਹਨਾਂ ਦੇ ਭਾਰੀ ਜਾਮ ਲੱਗ ਰਹੇ ਹਨ, ਜੋ ਕਿ ਕਈ-ਕਈ ਚਿਰ ਲੱਗੇ ਰਹਿੰਦੇ ਹਨ ਅਤੇ ਲੋਕ ਇਨ੍ਹਾਂ ਟ੍ਰੈਫਿਕ ਜਾਮਾਂ ਵਿਚ ਫਸੇ ਰਹਿਣ ਕਾਰਨ ਪ੍ਰੇਸ਼ਾਨ ਹੋ ਰਹੇ ਹਨ ਪ੍ਰੰਤੂ ਟ੍ਰੈਫਿਕ ਪੁਲਿਸ ਸਿਰਫ ਲੋਕਾਂ ਦੇ ਚਲਾਨ ਕੱਟਣ ਤੱਕ ਸੀਮਿਤ ਹੋ ਕੇ ਰਹਿ ਗਈ ਹੈ | ਟ੍ਰੈਫਿਕ ਜਾਮ ਰਹਿਣ ਕਾਰਨ ਰਾਹਗੀਰ ਅਤੇ ਸ਼ਹਿਰ ਨਿਵਾਸੀ ਜਾਮ ਵਿਚ ਫਸੇ ਰਹਿੰਦੇ ਹਨ ਅਤੇ ਆਪਣੀ ਮੰਜਿਲ 'ਤੇ ਪਹੁੰਚਣ ਤੋਂ ਲੇਟ ਹੋ ਜਾਂਦੇ ਹਨ | ਇਥੇ ਇਹ ਦੱਸਣਾ ਬਣਦਾ ਹੈ ਕਿ ਕੱਕਾ ਕੰਡਿਆਲਾ ਬਾਈਪਾਸ ਵਿਖੇ ਰੇਲਵੇ ਫਾਟਕ ਉਪਰ ਪੁਲ ਬਨਣ ਕਾਰਨ ਸਾਰੀ ਟ੍ਰੈਫਿਕ ਸ਼ਹਿਰ ਵਿਚੋਂ ਹੋ ਕੇ ਲੰਘਦੀ ਹੈ, ਜਿਸ ਵਿਚ ਵੱਡੇ ਵਾਹਨ ਜਿਵੇਂ ਬੱਸਾਂ, ਸਮਾਨ ਨਾਲ ਲੱਦੇ ਹੋਏ ਟਰੱਕ, ਟਰਾਲੇ ਅਤੇ ਹੋਰ ਵਾਹਨ ਹਨ, ਜਿਸ ਕਾਰਨ ਸ਼ਹਿਰ ਵਿਚ ਵਾਹਨਾਂ ਦੀ ਭੀੜ ਵੱਧਣ ਕਾਰਨ ਟ੍ਰੈਫਿਕ ਜਾਮ ਲੱਗ ਜਾਂਦਾ ਹੈ ਅਤੇ ਲੋਕ ਪ੍ਰੇਸ਼ਾਨ ਹੋ ਰਹੇ ਹਨ | ਵੱਡੇ ਵਾਹਨਾਂ ਦਾ ਸ਼ਹਿਰ ਵਿਚੋਂ ਦੇ ਹੋ ਕੇ ਲੰਘਣ ਕਾਰਨ ਅਕਸਰ ਸ਼ਹਿਰ ਵਿਚ ਸੜਕੀ ਹਾਦਸੇ ਵੀ ਵੱਧ ਰਹੇ ਹਨ ਕਿਉਂਕਿ ਵੱਡੇ ਵਾਹਨ ਚਾਲਕ ਤੇਜ ਰਫ਼ਤਾਰ ਨਾਲ ਸ਼ਹਿਰ ਵਿਚੋਂ ਦੀ ਲੰਘਦੇ ਹਨ, ਜਿਸ ਕਾਰਨ ਕਈ ਵਾਰ ਦੂਸਰੇ ਵਾਹਨਾਂ ਨਾਲ ਟਕਰਾ ਜਾਂਦੇ ਹਨ ਅਤੇ ਲੋਕਾਂ ਦੇ ਸੱਟਾਂ ਵੀ ਲੱਗ ਜਾਂਦੀਆਂ ਹਨ, ਉਥੇ ਸ਼ਹਿਰ ਦੀਆਂ ਸੜਕਾਂ ਵੀ ਟੁੱਟ ਰਹੀਆਂ ਹਨ | ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੀ ਇਤਿਹਾਸਕ ਨਗਰੀ ਹੋਣ ਕਾਰਨ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਵੱਡੀ ਗਿਣਤੀ ਵਿਚ ਸੰਗਤਾਂ ਦੇਸ਼ ਵਿਦੇਸ਼ ਤੋਂ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਣ ਲਈ ਆਉਂਦੀਆਂ ਹਨ, ਜੋ ਕਿ ਟ੍ਰੈਫਿਕ ਜਾਮ ਵਿਚ ਕਈ ਚਿਰ ਫਸੀਆਂ ਰਹਿਣ ਕਾਰਨ ਪ੍ਰੇਸ਼ਾਨ ਹੁੰਦੀਆਂ ਹਨ | ਸ਼ਹਿਰ ਨਿਵਾਸੀਆਂ ਬਲਜੀਤ ਸਿੰਘ, ਜਸਪ੍ਰੀਤ ਸਿੰਘ, ਵਿਵੇਕ ਗੁਪਤਾ, ਸੰਚਿਤ ਗੁਪਤਾ, ਰਵੀ ਕੁਮਾਰ, ਅਜੇ ਕੁਮਾਰ, ਇੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਤਰਨ ਤਾਰਨ ਸ਼ਹਿਰ ਦੀ ਟ੍ਰੈਫਿਕ ਵਿਸਵਥਾ ਰੱਬ ਆਸਰੇ ਚੱਲ ਰਹੀ ਹੈ ਕਿਉਂਕਿ ਸ਼ਹਿਰ ਦੀਆਂ ਸਾਰੀਆਂ ਸੜਕਾਂ ਉਪਰ ਅਕਸਰ ਵੱਡੇ ਵੱਡੇ ਟ੍ਰੈਫਿਕ ਜਾਮ ਲੱਗੇ ਰਹਿੰਦੇ ਹਨ ਅਤੇ ਬਾਜਾਰਾਂ ਵਿਚੋਂ ਵੀ ਲੰਘਣਾ ਮੁਸ਼ਕਿਲ ਹੋਇਆ ਪਿਆ ਹੈ, ਜਿਸ ਕਾਰਨ ਜਿਥੇ ਸ਼ਹਿਰ ਨਿਵਾਸੀ ਪ੍ਰੇਸ਼ਾਨ ਹਨ, ਉਥੇ ਬਾਹਰੋਂ ਸ਼ਹਿਰ ਵਿਚ ਆਉਣ ਵਾਲੇ ਲੋਕਾਂ ਨੂੰ ਵੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਟ੍ਰੈਫਿਕ ਜਾਮ ਕਾਰਨ ਸ਼ਹਿਰ ਦੇ ਇਕ ਕੋਨੇ ਵਿਚੋਂ ਦੂਸਰੇ ਕੋਨੇ ਵਿਚ ਜਾਣ ਸਮੇਂ ਘੰਟਿਆਂਬੰਧੀ ਸਮਾਂ ਵੀ ਲੱਗ ਜਾਂਦਾ ਹੈ, ਉਥੇ ਟ੍ਰੈਫਿਕ ਜਾਮ ਵਿਚੋਂ ਲੋਕ ਕਾਹਲੀ ਨਾਲ ਨਿਕਲਣ ਸਮੇਂ ਇਕ ਦੂਸਰੇ ਨਾਲ ਵੀ ਟਕਰਾ ਜਾਂਦੇ ਹਨ, ਜਿਸ ਕਾਰਨ ਅਕਸਰ ਹੀ ਲੋਕਾਂ ਵਿਚ ਆਪਸੀ ਝਗੜੇ ਹੁੰਦੇ ਰਹਿੰਦੇ ਹਨ | ਉਨ੍ਹਾਂ ਕਿਹਾ ਕਿ ਟ੍ਰੈਫਿਕ ਜਾਮ ਦਾ ਮੁੱਖ ਕਾਰਨ ਸੜਕਾਂ ਉਪਰ ਨਾਜਾਇਜ਼ ਕਬਜੇ ਵੀ ਹਨ, ਉਥੇ ਬਿਨਾਂ ਪਾਰਕਿੰਗ ਲੋਕਾਂ ਵਲੋਂ ਸੜਕਾਂ ਉਪਰ ਖੜੀਆਂ ਕੀਤੀਆਂ ਜਾ ਰਹੀਆਂ ਗੱਡੀਆਂ ਹਨ, ਜਿਸ ਕਾਰਨ ਟ੍ਰੈਫਿਕ ਦੇ ਜਾਮ ਲੱਗ ਰਹੇ ਹਨ | ਉਨ੍ਹਾਂ ਟ੍ਰੈਫਿਕ ਪੁਲਿਸ ਵਲੋਂ ਮੰਗ ਕੀਤੀ ਕਿ ਸ਼ਹਿਰ ਵਿਚ ਵੱਧ ਰਹੀ ਟ੍ਰੈਫਿਕ ਸਮੱਸਿਆ ਨੂੰ ਰੋਕਣ ਲਈ ਨਾਜਾਇਜ਼ ਕਬਜਿਆਂ ਨੂੰ ਹਟਾਇਆ ਜਾਵੇ ਅਤੇ ਬਿਨਾਂ ਪਾਰਕਿੰਗ ਸੜਕਾਂ ਉਪਰ ਖੜੇ ਵਾਹਨਾਂ ਨੂੰ ਜਬਤ ਕੀਤਾ ਜਾਵੇ ਤਾਂ ਜੋ ਟ੍ਰੈਫਿਕ ਸਮੱਸਿਆ ਦਾ ਹੱਲ ਹੋ ਸਕੇ | ਇਸ ਤੋਂ ਇਲਾਵਾ ਸ਼ਹਿਰ ਦੇ ਮੁੱਖ ਸਾਰੇ ਚੌਂਕਾਂ ਵਿਚ ਟ੍ਰੈਫਿਕ ਪੁਲਿਸ ਦੇ ਮੁਲਾਜਮਾਂ ਨੂੰ ਪੱਕੇ ਤੌਰ 'ਤੇ ਤਾਇਨਾਤ ਕੀਤਾ ਜਾਵੇ, ਟ੍ਰੈਫਿਕ ਕੰਟਰੋਲ ਲਾਈਟਾਂ ਲਗਾਈਆਂ ਜਾਣ ਅਤੇ ਵੱਡੇ ਵਾਹਨ ਜੋ ਕਿ ਸ਼ਹਿਰ ਵਿਚ ਆਉਂਦੇ ਹਨ, ਉਨ੍ਹਾਂ ਨੂੰ ਹੋਰ ਰਸਤੇ ਰਾਹੀਂ ਭੇਜਿਆ ਜਾਵੇ ਤਾਂ ਜੋ ਸ਼ਹਿਰ ਵਿਚ ਵਾਹਨਾਂ ਦੀ ਭੀੜ ਨਾ ਪੈ ਸਕੇ ਅਤੇ ਟ੍ਰੈਫਿਕ ਸੰਚਾਰੂ ਢੰਗ ਨਾਲ ਚੱਲ ਸਕੇ |

Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਪੁਲਿਸ ਵਲੋਂ ਨਸ਼ੀਲੇ ਪਦਾਰਥਾਂ ਸਮੇਤ 9 ਵਿਅਕਤੀ ਗਿ੍ਫ਼ਤਾਰ <br/> ਅਗਲੀ ਖ਼ਬਰ ਜਮਹੂਰੀ ਕਿਸਾਨ ਸਭਾ ਵਲੋਂ ਡੀ.ਸੀ. ਦਫ਼ਤਰ ਅੱਗੇ ਰੋਸ ਧਰਨਾ <br/>
Ad Position 24