ਬਾਬਾ ਬਕਾਲਾ ਸਾਹਿਬ, 26 ਦਸੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-'ਗੁਰੂ ਕੇ ਬੇਟੇ ਸਮਾਜ ਸੁਧਾਰ ਮਿਸ਼ਨ' ਪੰਜਾਬ ਵਲੋਂ ਸੰਸਥਾ ਦੇ ਮੁੁਖੀ ਸੂਬੇਦਾਰ ਹਰਜੀਤ ਸਿੰਘ ਅਤੇ ਸਿੱਖ ਜੀਵਨ ਜਾਚ ਬਾਬਾ ਬਕਾਲਾ ਸਾਹਿਬ ਰਜਿ: ਦੇ ਮੁਖੀ ਭਾਈ ਹਰਪ੍ਰੀਤ ਸਿੰਘ ਐਮ.ਏ. ਦੇ ਵਿਸ਼ੇਸ਼ ਉਪਰਾਲੇ ਸਦਕਾ, ਧੰਨ ਧੰਨ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਵਸ 'ਸਫਰ-ਏ-ਸ਼ਹਾਦਤ' ਸ਼ਰਧਾ ਅਤੇ ਸਤਿਕਾਰ ਨਾਲ ਮਨਾਉਂਦਿਆਂ 'ਗੁਰੂ ਕੇ ਬੇਟੇ ਸਮਾਜ ਸੁਧਾਰ ਮਿਸ਼ਨ' ਪੰਜਾਬ ਵਲੋਂ ਬੱਚਿਆਂ ਨੂੰ ਸਕੂਲ ਬੈਗ, ਨੋਟ ਬੁੱਕ, ਪੈੱਨ ਅਤੇ ਹੋਰ ਲੋੜੀਂਦਾ ਸਮਾਨ ਵੰਡਿਆ ਗਿਆ | ਇਸ ਮੌਕੇ ਬੱਚਿਆਂ ਨੂੰ ਗੁਰਬਾਣੀ ਵਿਰਸੇ ਨਾਲ ਜੋੜਣ ਲਈ ਇਕ ਹੋਰ ਵੱਡਾ ਉਪਰਾਲਾ ਕੀਤਾ ਗਿਆ | ਪ੍ਰਬੰਧਕਾਂ ਵਿਚੋਂ ਸ: ਮਨੋਹਰ ਸਿੰਘ, ਸ: ਚੈਂਚਲ ਸਿੰਘ ਫੌਜੀ ਨੇ ਬੱਚਿਆਂ ਤੋਂ ਧਾਰਮਿਕ ਜਾਣਕਾਰੀ ਅਤੇ ਗੁਰਬਾਣੀ ਸਰਵਣ ਕੀਤੀ | ਇਸ ਮੌਕੇ ਗੁਰਦੁਆਰਾ ਬਾਬਾ ਗੁਲਾਬ ਦਾਸ ਦੇ ਮੁਖੀ ਬਾਬਾ ਜਗੀਰ ਦਾਸ, ਸ: ਦਿਲਬਾਗ ਸਿੰਘ ਬੱਗੋ ਅਤੇ ਬੱਚਿਆਂ ਦੇ ਮਾਤਾ ਪਿਤਾ ਵੀ ਸਾਰਾ ਸਮਾਂ ਬੱਚਿਆਂ ਨਾਲ ਮੌਜੂਦ ਰਹੇ | ਸਿੱਖ ਜੀਵਨ ਜਾਚ ਬਾਬਾ ਬਕਾਲਾ ਸਾਹਿਬ ਰਜਿ: ਦੇ ਮੁਖੀ ਭਾਈ ਹਰਪ੍ਰੀਤ ਸਿੰਘ ਐਮ.ਏ. ਨੇ ਦੱਸਿਆ ਕਿ ਸੰਸਥਾ ਵੱਲੋਂ ਭਵਿੱਖ ਵਿੱਚ ਵੀ ਬੱਚਿਆਂ ਨੂੰ ਸਿੱਖੀ ਇਤਿਹਾਸ ਨਾਲ ਜੋੜਨ ਲਈ ਅਜਿਹੇ ਉਪਰਾਲੇ ਜਾਰੀ ਰੱਖੇ ਜਾਣਗੇ |