ਲੁਧਿਆਣਾ, 3 ਸਤੰਬਰ (ਜਤਿੰਦਰ ਭੰਬੀ)-ਪੰਜਾਬ 'ਚ 2027 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦੇ ਹੋਏ ਕਾਂਗਰਸ ਹਾਈਕਮਾਂਡ ਨੇ ਪਾਰਟੀ ਆਗੂਆਂ ਨੂੰ ਦਿੱਲੀ ਬੁਲਾ ਕੇ ਸਾਬਕਾ ਮੁੱਖ ਮੰਤਰੀ ਤੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਅਤੇ ਸੂਬਾ ਪ੍ਰਧਾਨ ਤੇ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਹੋਰ ਸੀਨੀਅਰ ਆਗੂਆਂ ਦੀ ਆਪਸੀ ਨਾਰਾਜ਼ਗੀ ਨੂੰ ਦੂਰ ਕਰਨ ਦਾ ਦਾਅਵੇ ਕਰਦੇ ਹੋਏ ਜੱਫੀਆਂ ਭਾਵੇਂ ਪਵਾ ਦਿੱਤੀਆਂ ਗਈਆਂ ਹਨ, ਪਰ ਸੂਬੇ ਅੰਦਰ ਹੇਠਲੇ ਪੱਧਰ 'ਤੇ ਚੱਲ ਰਹੀ ਧੜੇਬੰਦੀ ਨੂੰ ਖ਼ਤਮ ਕਰਨਾ ਵੱਡੀ ਚੁਣੌਤੀ ਬਣਿਆ ਹੋਇਆ ਹੈ ਕਿਉਂਕਿ ਲੁਧਿਆਣਾ ਕਾਂਗਰਸ ਵਿਚਲੇ ਆਗੂਆਂ ਵਿਚਾਲੇ ਚੱਲੀ ਆ ਰਹੀ ਆਪਸੀ ਧੜੇਬੰਦੀ ਵਾਰ-ਵਾਰ ਉਭਰ ਕੇ ਸਾਹਮਣੇ ਆਉਣ ਕਾਰਨ ਜਿੱਥੇ ਸੀਨੀਅਰ ਆਗੂਆਂ ਦੀਆਂ ਆਸਾਂ 'ਤੇ ਪਾਣੀ ਫਿਰ ਰਿਹਾ ਹੈ, ਉੱਥੇ ਹੀ ਕਾਂਗਰਸ ਵਰਕਰ ਵੀ ਦੁਚਿੱਤੀ 'ਚ ਹਨ ਕਿ ਅਸਲ ਸੱਚਾਈ ਕੀ ਹੈ? ਜਾਣਕਾਰੀ ਅਨੁਸਾਰ ਲੁਧਿਆਣਾ ਸ਼ਹਿਰੀ ਕਾਂਗਰਸ 'ਚ ਗੁੱਟਬੰਦੀ ਨੂੰ ਖ਼ਤਮ ਕਰਨ ਲਈ ਸ਼ਹਿਰੀ ਹਲਕਿਆਂ ਦੇ ਸੀਨੀਅਰ ਕਾਂਗਰਸੀ ਆਗੂਆਂ ਨਾਲ ਅਬਜ਼ਰਵਰ ਕਿ੍ਸ਼ਨ ਤੀਰਥ ਵਲੋਂ ਇਕ ਅਹਿਮ ਮੀਟਿੰਗ ਕੀਤੀ ਗਈ | ਮੀਟਿੰਗ ਦਾ ਮੁੱਖ ਕੰਮ ਜ਼ਿਲ੍ਹਾ ਪ੍ਰਧਾਨ ਅਤੇ ਸੂਬਾ ਪ੍ਰਧਾਨ ਦੇ ਕੰਮਕਾਰ ਬਾਰੇ ਜਾਣਕਾਰੀ ਹਾਸਲ ਕਰਨਾ ਅਤੇ ਆਗੂਆਂ ਵਿਚਾਲੇ ਆਪਸੀ ਮਤਭੇਦਾਂ ਨੂੰ ਦੂਰ ਕਰਨ ਲਈ ਬੁਲਾਇਆ ਗਿਆ ਸੀ ਅਤੇ ਪਾਰਟੀ ਦੇ ਸੀਨੀਅਰ ਅਹੁਦੇਦਾਰਾਂ ਤੋਂ ਸੁਝਾਅ ਵੀ ਮੰਗੇ ਗਏ ਸਨ | ਸਭ ਤੋਂ ਅਹਿਮ ਗੱਲ ਕਿ ਇਸ ਮੀਟਿੰਗ ਵਿਚ ਲੁਧਿਆਣਾ ਪੱਛਮੀ ਜ਼ਿਮਨੀ ਚੋਣ ਮੌਕੇ ਸ਼ਾਮਿਲ ਹੋਏ ਅਤੇ ਚੋਣ ਤੋਂ ਬਾਅਦ ਪਾਰਟੀ 'ਚੋਂ ਮੁਅੱਤਲ ਕੀਤੇ ਕਮਲਜੀਤ ਸਿੰਘ ਕੜਵੱਲ ਦੇ ਮੀਟਿੰਗ ਵਿਚ ਸ਼ਾਮਿਲ ਹੋਣ ਨਾਲ ਸਿਆਸਤ ਮੁੜ ਗਰਮਾ ਗਈ ਹੈ | ਸੂਤਰਾਂ ਦੀ ਮੰਨੀਏ ਤਾਂ ਕਮਲਜੀਤ ਸਿੰਘ ਕੜਵੱਲ ਦੀ ਇਸ ਮੀਟਿੰਗ 'ਚ ਸ਼ਮੂਲੀਅਤ ਨੂੰ ਲੈ ਕੇ ਪਾਰਟੀ ਦੇ ਹੀ ਕੁੱਝ ਆਗੂਆਂ ਨੇ ਇਤਰਾਜ਼ ਜਤਾਉਂਦਿਆਂ ਕਿਹਾ ਕਿ ਪਾਰਟੀ ਹਾਈਕਮਾਂਡ ਇਕ ਪਾਸੇ ਧੜੇਬੰਦੀ ਖ਼ਤਮ ਕਰਨ ਦੀ ਗੱਲ ਕਰ ਰਹੀ ਹੈ ਤੇ ਦੂਸਰੇ ਪਾਸੇ ਉਸ ਵਿਅਕਤੀ ਨੂੰ ਮੀਟਿੰਗ ਵਿਚ ਸ਼ਾਮਿਲ ਕਰ ਰਹੀ ਹੈ, ਜਿਸ ਨੂੰ ਪਾਰਟੀ 'ਚੋਂ ਮੁਅੱਤਲ ਕੀਤਾ ਜਾ ਚੁੱਕਾ ਹੈ | ਲੁਧਿਆਣਾ ਨਾਲ ਸੰਬੰਧਿਤ ਇਸ ਆਗੂ ਦੀ ਪਾਰਟੀ ਵਿਚ ਸ਼ਮੂਲੀਅਤ ਨੂੰ ਰੱਦ ਕਰਨ ਵਾਲੀ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਦਸਤਖ਼ਤਾਂ ਵਾਲੀ ਇਕ ਚਿੱਠੀ ਜੂਨ 2025 ਤੋਂ ਲੈ ਕੇ ਹੁਣ ਤੱਕ ਚਰਚਾ ਬਟੋਰ ਰਹੀ ਹੈ, ਜਿਸ ਤੋਂ ਅਣਜਾਣ ਅਬਜ਼ਰਵਰ ਕਿ੍ਸ਼ਨ ਤੀਰਥ ਵਲੋਂ ਲਈ ਗਈ ਇਸ ਮੀਟਿੰਗ ਵਿਚ ਇਹ ਆਗੂ ਵੀ ਸ਼ਾਮਿਲ ਹੋਇਆ | ਇਸ ਆਗੂ ਦੇ ਮੀਟਿੰਗ 'ਚ ਸ਼ਾਮਿਲ ਹੋਣ ਦੇ ਚਲਦੇ ਲੁਧਿਆਣਾ 'ਚ ਕਾਂਗਰਸ ਦੇ ਸਰਗਰਮ ਵਿਰੋਧੀ ਧੜੇ ਨੇ ਵਿਰੋਧ ਜਤਾਉਂਦੇ ਹੋਏ ਇਸ ਨੰੂ ਪਾਰਟੀ ਨਿਯਮਾਂ ਦੇ ਖ਼ਿਲਾਫ਼ ਦੱਸਦੇ ਹੋਏ ਧੜੇਬੰਦੀ ਨੂੰ ਹੋਰ ਉਭਾਰਨ ਦਾ ਕਾਰਨ ਦੱਸਿਆ ਸੀ |