ਮੈਸ਼ ਪ੍ਰੋਲਾਈਫ਼ ਹਸਪਤਾਲ ਗਿੱਲ ਵਿਖੇ ਹੈਟਰੋਟੈਕਸੀ ਸਿੰਡਰੋਮ ਨਾਲ ਪੀੜਤ ਮਰੀਜ਼ ਦੀ ਹੋਈ ਸਫਲ ਸਰਜਰੀ <br/>
ਅਜੀਤ ਡੈਸਕ
05-09-2025
ਆਲਮਗੀਰ, 4 ਸਤੰਬਰ (ਜਰਨੈਲ ਸਿੰਘ ਪੱਟੀ)-ਲੁਧਿਆਣਾ-ਮਲੇਰਕੋਟਲਾ ਰੋਡ ਪਿੰਡ ਗਿੱਲ ਸਥਿਤ ਮੈਸ ਪ੍ਰੋਲਾਈਫ਼ ਹਸਪਤਾਲ ਨੇ ਉਸ ਵੇਲੇ ਹੋਰ ਵੱਡੀ ਕਾਮਯਾਬੀ ਹਾਸਲ ਕੀਤੀ, ਜਦੋਂ ਸਰਜਨ ਡਾ. ਹਰਪ੍ਰੀਤ ਸਿੰਘ ਜੋਲੀ ਅਤੇ ਉਨ੍ਹਾਂ ਦੀ ਮਾਹਿਰ ਟੀਮ ਨੇ ਬਹੁਤ ਹੀ ਦੁਰਲੱਭ ਅਤੇ ਜਟਿਲ ਬਿਮਾਰੀ ਸਾਈਟਸ ਐਮਬਿਗੁਅਸ ਵਿਥ ਪਾਲੀਸਪਲੀਨੀਆ ਹੈਟਰੋਟੈਕਸੀ ਸਿੰਡਰੋਮ ਨਾਲ ਪੀੜਤ ਮਰੀਜ਼ ਅਮਰੀਕ ਸਿੰਘ ਦੀ ਸਫਲ ਸਰਜਰੀ ਕਰਕੇ ਉਸ ਨੂੰ ਨਵੀਂ ਜ਼ਿੰਦਗੀ ਦਿੱਤੀ | ਦੱਸ ਦਈਏ ਕਿ ਉਕਤ ਬਿਮਾਰੀ ਦੁਨੀਆ ਭਰ ਵਿਚ ਬਹੁਤ ਹੀ ਘੱਟ ਲੋਕਾਂ ਵਿਚ ਮਿਲਦੀ ਹੈ, ਮਨੁੱਖ ਦੇ ਅੰਦਰੂਨੀ ਅੰਗਾਂ ਦੇ ਅਸੁਭਾਵਿਕ ਸਥਾਨਾਂ ਨਾਲ ਜੁੜੀ ਹੋਈ ਹੁੰਦੀ ਹੈ, ਜਿਸ ਵਿਚ ਦਿਲ, ਫੇਫੜੇ, ਜਿਗਰ, ਆਂਤਾਂ ਅਤੇ ਤਿਲ੍ਹੀ ਆਦਿ ਆਪਣੇ ਕੁਦਰਤੀ ਸਥਾਨ ਤੋਂ ਹਟ ਜਾਂਦੇ ਹਨ ਜਾਂ ਗਲਤ ਥਾਵਾਂ 'ਤੇ ਟਿਕੇ ਹੋਏ ਹੁੰਦੇ ਹਨ | ਖ਼ਾਸ ਕਰਕੇ ਪਾਲੀਸਪਲੀਨੀਆ ਵਿਚ ਇਕ ਦੀ ਬਜਾਏ ਕਈ ਛੋਟੀਆਂ ਤਿਲ੍ਹੀਆਂ ਬਣੀਆਂ ਹੁੰਦੀਆਂ ਹਨ, ਜੋ ਸਰੀਰ ਦੀ ਰੋਗ-ਰੋਧਕ ਪ੍ਰਣਾਲੀ ਨੂੰ ਕਮਜ਼ੋਰ ਕਰਦੀਆਂ ਹਨ ਅਤੇ ਖ਼ੂਨ ਦੀ ਗਤੀਵਿਧੀ ਵਿਚ ਅਸੰਤੁਲਨ ਪੈਦਾ ਕਰਦੀਆਂ ਹਨ | ਇਸੇ ਬਿਮਾਰੀ ਤੋਂ ਪੀੜਤ ਮਰੀਜ਼ ਅਮਰੀਕ ਸਿੰਘ ਲੰਮੇ ਸਮੇਂ ਤੋਂ ਪੇਟ ਵਿਚ ਲਗਾਤਾਰ ਦਰਦ, ਖਾਣ ਪੀਣ ਤੋਂ ਬਾਅਦ ਬੇਹੱਦ ਘਬਰਾਹਟ, ਸਾਹ ਚੜ੍ਹਨਾ, ਥਕਾਵਟ ਅਤੇ ਹਜ਼ਮ ਨਾ ਹੋਣ ਵਰਗੀਆਂ ਸਮੱਸਿਆਵਾਂ ਨਾਲ ਪੀੜਤ ਸਨ | ਜਦੋਂ ਸਾਧਾਰਨ ਇਲਾਜ ਅਤੇ ਦਵਾਈਆਂ ਨਾਲ ਰਾਹਤ ਨਾ ਮਿਲੀ, ਤਾਂ ਉਹ ਆਪਣੇ ਪਰਿਵਾਰ ਦੇ ਸਾਥ ਨਾਲ ਮੈਸ਼ ਪ੍ਰੋਲਾਈਫ਼ ਹਸਪਤਾਲ ਗਿੱਲ ਲੁਧਿਆਣਾ ਆਏ, ਜਿੱਥੇ ਉਨ੍ਹਾਂ ਦੀਆਂ ਸਾਰੀ ਜਾਂਚਾਂ ਦੌਰਾਨ ਆਧੁਨਿਕ ਸੀਟੀ ਸਕੈਨ, ਐਮ.ਆਰ.ਆਈ. ਅਤੇ ਇਕੋਕਾਰਡੀਓਗ੍ਰਾਫੀ ਰਾਹੀਂ ਇਹ ਗੱਲ ਸਾਫ਼ ਹੋ ਗਈ ਕਿ ਅਮਰੀਕ ਸਿੰਘ ਨੂੰ ਸਾਈਟਸ ਐਮਬਿਗੁਅਸ ਵਿਥ ਪਾਲੀਸਪਲੀਨੀਆ ਹੈ, ਜੋ ਬਹੁਤ ਹੀ ਜੋਖ਼ਮ ਵਾਲੀ ਅਤੇ ਸੰਵੇਦਨਸ਼ੀਲ ਸਰਜਰੀ ਦੀ ਮੰਗ ਕਰਦੀ ਹੈ | ਡਾ. ਹਰਪ੍ਰੀਤ ਸਿੰਘ ਜੋਲੀ, ਜੋ ਕਪਲੈਕਸ ਸਰਜਰੀਜ਼ ਵਿਚ ਆਪਣੇ ਤਜਰਬੇ ਲਈ ਜਾਣੇ ਜਾਂਦੇ ਹਨ, ਨੇ ਆਪਣੀ ਟੀਮ ਨਾਲ ਮਿਲ ਕੇ ਤੁਰੰਤ ਸਰਜਰੀ ਦੀ ਯੋਜਨਾ ਬਣਾਈ | ਕਈ ਘੰਟਿਆਂ ਤੱਕ ਚੱਲੀ ਇਸ ਸਰਜਰੀ ਦੌਰਾਨ ਟੀਮ ਨੇ ਨਾ ਸਿਰਫ਼ ਅੰਦਰੂਨੀ ਅੰਗਾਂ ਦੀ ਗਲਤ ਬਨਾਵਟ ਨੂੰ ਸੁਧਾਰਿਆ, ਸਗੋਂ ਖ਼ੂਨ ਦੀ ਸਰਕੂਲੇਸ਼ਨ ਨੂੰ ਵੀ ਠੀਕ ਕੀਤਾ ਤਾਂ ਜੋ ਮਰੀਜ਼ ਨੂੰ ਲੰਬੇ ਸਮੇਂ ਲਈ ਸਿਹਤਮੰਦ ਜੀਵਨ ਮਿਲ ਸਕੇ | ਸਰਜਰੀ ਤੋਂ ਬਾਅਦ ਅਮਰੀਕ ਸਿੰਘ ਦੀ ਸਿਹਤ ਤੇਜ਼ੀ ਨਾਲ ਸੁਧਰੀ ਅਤੇ ਕੁੱਝ ਹੀ ਦਿਨਾਂ ਵਿਚ ਉਹ ਆਪਣੇ ਪਰਿਵਾਰ ਨਾਲ ਘਰ ਵਾਪਸ ਜਾਣ ਦੇ ਯੋਗ ਹੋ ਗਏ | ਮਰੀਜ਼ ਅਤੇ ਉਸ ਦਾ ਪਰਿਵਾਰ ਡਾ. ਹਰਪ੍ਰੀਤ ਸਿੰਘ ਜੋਲੀ ਅਤੇ ਪੂਰੀ ਟੀਮ ਦਾ ਧੰਨਵਾਦ ਕਰਦੇ ਨਹੀਂ ਥੱਕਦੇ | ਡਾ. ਹਰਪ੍ਰੀਤ ਸਿੰਘ ਜੋਲੀ ਦਾ ਕਹਿਣਾ ਹੈ ਕਿ ਇਹ ਸਫਲਤਾ ਸਾਡੀ ਟੀਮ ਵਰਕ ਅਤੇ ਆਧੁਨਿਕ ਤਕਨੀਕ ਦਾ ਨਤੀਜਾ ਹੈ ਅਤੇ ਇਹ ਸਾਬਤ ਕਰਦੀ ਹੈ ਕਿ ਪੰਜਾਬ ਵਿਚ ਵੀ ਅਸੀਂ ਵਰਲਡ ਪੱਧਰ ਦੇ ਵੱਡੇ ਮੈਡੀਕਲ ਸੈਂਟਰਾਂ ਬਰਾਬਰ ਇਲਾਜ ਮੁਹੱਈਆ ਕਰਵਾ ਸਕਦੇ ਹਾਂ |