ਲੁਧਿਆਣਾ, 22 ਨਵੰਬਰ (ਜਸਵਿੰਦਰ ਸਿੰਘ)-69ਵੀਂਆਂ ਪੰਜਾਬ ਸਟੇਟ ਸਾਫਟਬਾਲ ਟੂਰਨਾਮੈਂਟ ਵਿਚ ਲੁਧਿਆਣਾ ਨੇ ਫਾਈਨਲ ਮੁਕਾਬਲੇ ਵਿਚ ਪਟਿਆਲਾ ਟੀਮ ਨੂੰ 8-0 ਦੇ ਫਰਕ ਨਾਲ ਹਰਾਇਆ ਅਤੇ ਗੋਲਡ ਮੈਡਲ ਜਿੱਤ ਕੇ ਜ਼ਿਲੇ੍ਹ ਦਾ ਨਾਮ ਰੌਸ਼ਨ ਕੀਤਾ | ਲੁਧਿਆਣਾ ਟੀਮ ਦੇ ਕੋਚ ਸਤੀਸ਼ ਕੁਮਾਰ ਨੇ ਦੱਸਿਆ ਕਿ ਲਗਾਤਾਰ 15 ਦਿਨ ਤੋਂ ਲੁਧਿਆਣਾ ਟੀਮ ਦਾ ਸਿਖਲਾਈ ਕੈਂਪ ਚੱਲ ਰਿਹਾ ਸੀ, ਜਿਸ ਵਿਚ ਸਾਰੇ ਖਿਡਾਰੀਆਂ ਨੇ ਬਹੁਤ ਮਿਹਨਤ ਕੀਤੀ | ਅੰਤ ਖਿਡਾਰੀਆਂ ਦੀ ਮਿਹਨਤ ਰੰਗ ਲਿਆਈ ਅਤੇ ਟੀਮ ਸੋਨੇ ਦਾ ਤਮਗਾ ਜਿੱਤਣ ਵਿਚ ਕਾਮਯਾਬ ਰਹੀ | ਇਸ ਦੇ ਨਾਲ ਹੀ ਕੋਚ ਸਤੀਸ਼ ਕੁਮਾਰ ਨੇ ਖੇਡ ਕੋਆਰਡੀਨੇਟਰ ਕੁਲਵੀਰ ਸਿੰਘ ਅਤੇ ਟੂਰਨਾਮੈਂਟ ਕਮੇਟੀ ਨੂੰ ਵੀ ਵਧਾਈਆਂ ਦਿੱਤੀਆਂ | ਖਿਡਾਰੀਆਂ ਦੇ ਚੰਗੇ ਭਵਿੱਖ ਦੀ ਕਾਮਨਾ ਕਰਦੇ ਹੋਏ ਸਤੀਸ਼ ਕੁਮਾਰ ਨੇ ਖਿਡਾਰੀਆਂ ਨੂੰ ਖੇਡਾਂ ਨਾਲ ਜੁੜੇ ਰਹਿਣ ਅਤੇ ਲਗਾਤਾਰ ਅਭਿਆਸ ਕਰਦੇ ਰਹਿਣ ਲਈ ਵੀ ਕਿਹਾ | ਇਸ ਮੌਕੇ ਹੋਰਨਾਂ ਤੋਂ ਇਲਾਵਾ ਖੇਡ ਵਿਭਾਗ ਤੋਂ ਸਤਨਾਮ ਸਿੰਘ, ਰਵੀ ਦੱਤ ਅਤੇ ਸਟੇਟ ਅਵਾਰਡੀ ਅਜੀਤ ਪਾਲ ਵੀ ਹਾਜ਼ਰ ਸਨ |