ਲੁਧਿਆਣਾ, 22 ਨਵੰਬਰ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਫਲਾਵਰ ਇਨਕਲੇਵ ਦੁੱਗਰੀ ਸਥਿਤ ਦੋ ਦੁਕਾਨਾਂ ਵਿਚੋਂ ਲੱਖਾਂ ਰੁਪਏ ਦਾ ਸਾਮਾਨ ਅਣਪਛਾਤੇ ਵਿਅਕਤੀ ਚੋਰੀ ਕਰਕੇ ਲੈ ਗਏ ਹਨ, ਜੋ ਐਕਟਿਵਾ ਸਕੂਟਰ 'ਤੇ ਆਏ ਸਨ | ਚੋਰਾਂ ਨੇ ਪਹਿਲਾਂ ਸਪੜਾ ਕਮਿਊਨੀਕੇਸ਼ਨ ਦੀ ਦੁਕਾਨ ਦਾ ਸ਼ਟਰ ਸੱਬਲ ਨਾਲ ਤੋੜਿਆ ਅਤੇ ਅੰਦਰੋਂ ਗ੍ਰਾਹਕਾਂ ਦੇ ਮੁਰੰਮਤ ਲਈ ਆਏ 8-10 ਦੇ ਕਰੀਬ ਮੋਬਾਈਲ ਫ਼ੋਨ, ਇਕ ਡਿਜੀਟਲ ਕੈਮਰਾ ਅਤੇ 30 ਹਜ਼ਾਰ ਰੁਪਏ ਦੀ ਨਗਦੀ ਚੋਰੀ ਕਰਕੇ ਲੈ ਗਏ ਹਨ | ਦੁਕਾਨ ਮਾਲਕ ਜਸਪ੍ਰੀਤ ਸਿੰਘ ਨੇ ਦੱਸਿਆ ਹੈ ਕਿ ਉਹ ਆਮ ਵਾਂਗ ਦੁਕਾਨ ਬੰਦ ਕਰਕੇ ਰਾਤ ਨੂੰ ਘਰ ਚਲਾ ਗਿਆ ਸੀ | ਤੜਕੇ ਕਿਸੇ ਗੁਆਂਢੀ ਨੇ ਦੁਕਾਨ ਦਾ ਸ਼ਟਰ ਟੁੱਟਾ ਵੇਖ ਕੇ ਉਸ ਨੂੰ ਸੂਚਿਤ ਕੀਤਾ | ਪੁਲਿਸ ਨੂੰ ਰਿਪੋਰਟ ਦਰਜ ਕਰਾਈ ਗਈ ਹੈ | ਇਸੇ ਤਰ੍ਹਾਂ ਚੋਰਾਂ ਨੇ ਅਮਨ ਡਰੈਸ ਦੀ ਦੁਕਾਨ ਦਾ ਸ਼ਟਰ ਤੋੜ ਕੇ ਗਰਮੀਆਂ ਅਤੇ ਸਰਦੀਆਂ ਦੇ ਹਜ਼ਾਰਾਂ ਰੁਪਏ ਦੇ ਕੱਪੜੇ ਚੋਰੀ ਕਰਕੇ ਲੈ ਗਏ | ਅਮਨ ਕੁਮਾਰ ਨੇ ਦੱਸਿਆ ਕਿ ਉਸ ਨੂੰ ਵੀ ਸਵੇਰੇ ਕਿਸੇ ਨੇੜਲੇ ਦੁਕਾਨਦਾਰ ਨੇ ਫ਼ੋਨ ਕਰਕੇ ਸ਼ਟਰ ਟੁੱਟਾ ਹੋਣ ਬਾਰੇ ਦੱਸਿਆ | ਅਮਨ ਕੁਮਾਰ ਨੇ ਦੱਸਿਆ ਕਿ ਚੋਰ ਦੁਕਾਨ ਅੰਦਰੋਂ ਗਰਮੀਆਂ ਅਤੇ ਸਰਦੀਆਂ ਦੀਆਂ ਟੀ-ਸ਼ਰਟਾਂ, ਪਜਾਮੇ ਅਤੇ ਨਗਦੀ ਚੋਰੀ ਕਰਕੇ ਲੈ ਗਏ ਹਨ | ਇਸ ਦੌਰਾਨ ਚੋਰਾਂ ਨੇ ਇਕ ਹੋਰ ਦੁਕਾਨ ਦਾ ਸ਼ਟਰ ਤੋੜਨ ਦੀ ਕੋਸ਼ਿਸ਼ ਕੀਤੀ, ਪਰ ਉਨ੍ਹਾਂ ਤੋਂ ਸ਼ਟਰ ਨਾਂ ਟੁੱਟਣ ਕਾਰਨ ਉਹ ਵਾਪਸ ਚਲੇ ਗਏ | ਪੁਲਿਸ ਵਲੋਂ ਇਲਾਕੇ ਵਿਚ ਲੱਗੇ ਸੀ.ਸੀ. ਟੀਵੀ ਕੈਮਰਿਆਂ ਦੀ ਫੁਟੇਜ ਕਬਜ਼ੇ ਵਿਚ ਲੈ ਲਈ ਹੈ, ਜਿਸ ਵਿਚ ਇਕ ਚੋਰ ਕੈਦ ਹੋਇਆ ਹੈ | ਥਾਣਾ ਸਦਰ ਦੀ ਪੁਲਿਸ ਵਲੋਂ ਦੋਹਾਂ ਮਾਮਲਿਆਂ ਵਿਚ ਕੇਸ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ, ਪਰ ਦੇਰ ਰਾਤ ਤੱਕ ਪੁਲਿਸ ਨੂੰ ਇਸ ਸਬੰਧੀ ਕੋਈ ਵੀ ਸਫਲਤਾ ਨਹੀਂ ਮਿਲੀ ਸੀ | ਦਿਨ-ਬ-ਦਿਨ ਵੱਧ ਰਹੀਆਂ ਚੋਰੀ ਦੀ ਵਾਰਦਾਤਾਂ ਕਾਰਨ ਇਲਾਕੇ ਵਿਚ ਡਰ ਤੇ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ | ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਇਲਾਕੇ ਵਿਚ ਗਸ਼ਤ ਨਾ-ਮਾਤਰ ਹੈ, ਜਿਸ ਕਾਰਨ ਚੋਰਾਂ ਦੇ ਹੌਂਸਲੇ ਦਿਨ-ਬ-ਦਿਨ ਵਧਦੇ ਜਾ ਰਹੇ ਹਨ ਅਤੇ ਚੋਰੀ ਦੀਆਂ ਵਾਰਦਾਤਾਂ ਵੱਧ ਰਹੀਆਂ ਹਨ | ਉਨ੍ਹਾਂ ਪੁਲਿਸ ਕਮਿਸ਼ਨਰ ਤੋਂ ਇਲਾਕੇ ਵਿਚ ਗਸ਼ਤ ਵਧਾਉਣ ਦੀ ਮੰਗ ਕੀਤੀ ਹੈ |