ਆਲਮਗੀਰ, 17 ਦਸੰਬਰ (ਜਰਨੈਲ ਸਿੰਘ ਪੱਟੀ)-ਦਸੰਬਰ ਮਹੀਨੇ ਦੌਰਾਨ ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਉਨ੍ਹਾਂ ਦੇ ਪੂਰੇ ਪਰਿਵਾਰ ਦੀਆਂ ਅਦੁੱਤੀ ਕੁਰਬਾਨੀਆਂ-ਸ਼ਹੀਦੀਆਂ ਦੀਆਂ ਯਾਦਾਂ ਦਿਵਾਉਂਦਾ ਵਰਤਮਾਨ ਦੀਆਂ ਮੁਸ਼ਕਲਾਂ ਤੇ ਭਵਿੱਖ ਦੀਆਂ ਚੁਣੌਤੀਆਂ ਨੂੰ ਦਿ੍ੜ੍ਹਤਾ ਨਾਲ ਜੂਝਣ ਅਤੇ ਸਰ ਕਰਨ ਦਾ ਜਜ਼ਬਾ ਪੈਦਾ ਕਰਦਾ ਹੈ | ਜਥੇਦਾਰ ਚਰਨ ਸਿੰਘ ਆਲਮਗੀਰ ਮੈਂਬਰ ਸ਼੍ਰੋਮਣੀ ਗੁਰਦਆਰਾ ਪ੍ਰਬੰਧਕ ਕਮੇਟੀ ਨੇ ਉੱਕਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪਵਿੱਤਰ ਚਰਨ ਆਲਮਗੀਰ ਸਾਹਿਬ ਦੀ ਧਰਤੀ 'ਤੇ ਪਾਉਣ ਦੀ ਯਾਦ ਨੂੰ ਸਮਰਪਿਤ ਕਰਵਾਏ ਜਾਂਦੇ ਸਲਾਨਾ ਜੋੜ ਮੇਲ ਦੇ ਪ੍ਰਬੰਧਾਂ ਅਤੇ ਇੰਤਜ਼ਾਮਾਂ ਸਬੰਧੀ ਗੁਰਦੁਆਰਾ ਪ੍ਰਬੰਧਕ, ਨਗਰ ਨਿਵਾਸੀਆਂ ਅਤੇ ਇਲਾਕੇ ਦੀਆਂ ਸੰਗਤਾਂ ਨਾਲ ਸਲਾਹ ਮਸ਼ਵਰੇ ਲਈ ਇਕ ਵਿਸ਼ੇਸ਼ ਮੀਟਿੰਗ 18 ਦਸੰਬਰ ਦੁਪਹਿਰ 3 ਵਜੇ ਭਾਈ ਨਾਨੂ ਜੀ ਪਾਰਕ ਆਲਮਗੀਰ ਵਿਖੇ ਰੱਖੀ ਗਈ ਹੈ | ਜਥੇਦਾਰ ਆਲਮਗੀਰ ਨੇ ਦੱਸਿਆ ਕਿ 14, 15 ਅਤੇ 16 ਪੋਹ ਸੰਮਤ 557 ਮੁਤਾਬਿਕ 28, 29 ਅਤੇ 30 ਦਸੰਬਰ ਸਲਾਨਾ ਸਭਾ (ਜੋੜ ਮੇਲ) ਮੌਕੇ ਇਲਾਕੇ ਦੀਆਂ ਸੇਵਾਵਾਂ ਨਿਭਾਉਣ ਵਾਲੀਆਂ ਸੰਗਤਾਂ ਉਕਤ ਮੀਟਿੰਗ ਵਿਚ ਸ਼ਾਮਿਲ ਹੋ ਕੇ ਆਪਣੇ ਸੁਝਾਓ ਦੇਣ | ਉਨ੍ਹਾਂ ਦੱਸਿਆ ਕਿ ਮੀਟਿੰਗ ਦੌਰਾਨ ਪ੍ਰਬੰਧਕੀ ਜ਼ਿੰਮੇਵਾਰੀਆਂ ਸੌਂਪੀਆਂ ਜਾਣਗੀਆਂ |