ਲੁਧਿਆਣਾ, 28 ਦਸੰਬਰ (ਪਰਮਿੰਦਰ ਸਿੰਘ ਆਹੂਜਾ)-ਸਾਹਿਬ-ਏ-ਕਮਾਲ, ਦਸ਼ਮੇਸ਼ ਪਿਤਾ, ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਸੁਖਮਨੀ ਸਾਹਿਬ, ਅਰਬਨ ਅਸਟੇਟ, ਫੇਸ-2 ਦੁੱਗਰੀ ਵਲੋਂ ਸੰਗਤਾਂ ਸਹਿਯੋਗ ਨਾਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ 'ਚ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ, ਜੋ ਕਿ ਫੇਸ-2, ਫੇਸ-3, ਐਚ.ਆਈ.ਜੀ ਤੋਂ ਦੁਰਗਾ ਮਾਤਾ ਮੰਦਿਰ ਦੇ ਸਾਹਮਣੇ ਵਾਲੀ ਗਲੀ ਅਤੇ ਪ੍ਰਮੁੱਖ ਮਾਰਗਾਂ ਤੋਂ ਹੁੰਦਾ ਹੋਇਆ ਗੁਰਦੁਆਰਾ ਸਾਹਿਬ ਵਿਖੇ ਸੰਪਨ ਹੋਇਆ | ਨਗਰ ਕੀਰਤਨ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਲਕੀ 'ਚ ਸੁਸ਼ੋਭਿਤ ਸਨ ਅਤੇ ਸੰਗਤਾਂ ਸੇਵਾ ਕਰਨ ਦੇ ਨਾਲ-ਨਾਲ ਸਤਿਨਾਮ ਵਾਹਿਗੁਰੂ ਦਾ ਜਾਪ ਕਰ ਰਹੀਆਂ ਸਨ | ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ, ਇਸਤਰੀ ਸਤਿਸੰਗ ਸਭਾ, ਸ਼ਬਦੀ ਜੱਥੇ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕਰ ਰਹੇ ਸਨ | ਨਗਰ ਕੀਰਤਨ 'ਚ ਨਿਹੰਗ ਸਿੰਘਾਂ ਵਲੋਂ ਗੱਤਕੇ ਦੇ ਜੌਹਰ ਵੀ ਵਿਖਾਏ ਅਤੇ ਸ਼ਹਿਰ ਦੀਆਂ ਅਨੇਕਾਂ ਹੀ ਸੇਵਾ ਸੁਸਾਇਟੀਆਂ, ਧਾਰਮਿਕ ਅਤੇ ਦੁਕਾਨਦਾਰ ਜਥੇਬੰਦੀਆਂ ਵਲੋਂ ਸਵਾਗਤੀ ਗੇਟ ਲਗਾ ਕੇ ਫੁੱਲਾਂ ਦੀ ਵਰਖਾ ਕਰਦੇ ਹੋਏ ਨਗਰ ਕੀਰਤਨ ਦਾ ਥਾਂ-ਥਾਂ 'ਤੇ ਸ਼ਾਨਦਾਰ ਸਵਾਗਤ ਕੀਤਾ ਗਿਆ ਅਤੇ ਸੰਗਤਾਂ ਲਈ ਨਗਰ ਕੀਰਤਨ ਦੌਰਾਨ ਕਈ ਤਰ੍ਹਾਂ ਦੇ ਲੰਗਰ ਵੀ ਲਗਾਏ ਗਏ | ਨਗਰ ਕੀਰਤਨ ਵਿਚ ਗੱਤਕਾ ਪਾਰਟੀਆਂ, ਬੈਂਡ ਵਾਜੇ, ਸਕੂਲੀ ਬੱਚੇ, ਸ਼ਬਦੀ ਜਥੇ, ਸੁਖਮਨੀ ਸੇਵਾ ਸੁਸਾਇਟੀਆਂ, ਗੱਤਕਾ ਪਾਰਟੀਆਂ, ਸਿੰਘ ਸਭਾਵਾਂ ਅਤੇ ਸਿਆਸੀ ਆਗੂਆਂ ਨੇ ਵੀ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ | ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਅਰਵਿੰਦਰ ਸਿੰਘ ਨੇ ਨਗਰ ਕੀਰਤਨ 'ਚ ਸ਼ਾਮਿਲ ਸੰਗਤਾਂ ਦਾ ਧੰਨਵਾਦ ਕੀਤਾ | ਨਗਰ ਕੀਰਤਨ 'ਚ ਨਿਰਭੈ ਸਿੰਘ, ਮਹਿੰਦਰ ਸਿੰਘ, ਕੰਵਲਨੈਨ ਸਿੰਘ ਭਾਟੀਆ, ਰਾਮ ਸਿੰਘ, ਸੁਖਵਿੰਦਰ ਸਿੰਘ, ਨਰਿੰਦਰ ਸਿੰਘ, ਪੂਰਨ ਸਿੰਘ, ਕਮਲਜੀਤ ਸਿੰਘ ਸੋਬਤੀ, ਕਮਲ ਸਿੰਘ, ਜੀਵਨਜੋਤ ਸਿੰਘ, ਗੁਰਦੀਪ ਸਿੰਘ, ਹਰਪ੍ਰੀਤ ਸਿੰਘ ਅਤੇ ਵੱਡੀ ਗਿਣਤੀ ਵਿਚ ਸੰਗਤਾਂ ਸ਼ਾਮਿਲ ਸਨ |