ਖਰੜ, 2 ਸਤੰਬਰ (ਜੰਡਪੁਰੀ)-ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਆਖ ਕੇ ਭਾਜਪਾ 'ਚ ਸ਼ਾਮਿਲ ਹੋਏ ਰਾਣਾ ਰਣਜੀਤ ਸਿੰਘ ਗਿੱਲ ਵਲੋਂ ਆਪਣੀ ਟੀਮ ਸਮੇਤ ਵਰ੍ਹਦੇ ਮੀਂਹ 'ਚ ਹੀ ਪਿੰਡ ਜੰਡਪੁਰ ਤੋਂ ਚੰਦੋਂ ਗੋਬਿੰਦਗੜ੍ਹ, ਰੁੜਕੀ ਖਾਮ ਤੇ ਤਿਊੜ ਨੂੰ ਜਾਣ ਵਾਲੇ ਮੁੱਖ ਰਸਤਿਆਂ 'ਤੇ ਵੈਟਮਿਕਸ ਪੁਆਈ ਗਈ | ਇਸ ਸਮੱਗਰੀ ਦਾ ਸਾਰਾ ਪ੍ਰਬੰਧ ਰਾਣਾ ਗਿੱਲ ਵਲੋਂ ਆਪਣੇ ਪੱਧਰ 'ਤੇ ਕੀਤਾ ਗਿਆ ਸੀ | ਇਸ ਮੌਕੇ ਰਾਣਾ ਗਿੱਲ ਨੇ ਦੱਸਿਆ ਇਨ੍ਹਾਂ ਪਿੰਡਾਂ ਦੇ ਲੋਕਾਂ ਵਲੋਂ ਉਨ੍ਹਾਂ ਦੇ ਧਿਆਨ 'ਚ ਲਿਆਂਦਾ ਗਿਆ ਸੀ ਕਿ ਉਨ੍ਹਾਂ ਦੇ ਪਿੰਡਾਂ ਨੂੰ ਜਾਣ ਵਾਲੀਆਂ ਸੜਕਾਂ ਦੀ ਖਸਤਾ ਹਾਲਤ ਹੋਣ ਕਾਰਨ ਲੋਕਾਂ ਦਾ ਆਉਣਾ-ਜਾਣਾ ਮੁਹਾਲ ਹੋਇਆ ਪਿਆ ਹੈ | ਉਨ੍ਹਾਂ ਦੱਸਿਆ ਕਿ ਉਨ੍ਹਾਂ ਵਲੋਂ ਆਪਣੀ ਟੀਮ ਸਮੇਤ ਵਰ੍ਹਦੇ ਮੀਂਹ 'ਚ ਆਪਣੇ ਪੱਧਰ 'ਤੇ ਵੈਟਮਿਕਸ ਦੇ 7 ਵੱਡੇ ਟਿੱਪਰ, ਜੇ. ਸੀ. ਬੀ. ਮਸ਼ੀਨ, ਰੋਡ ਰੂਲਰ ਤੇ ਟਰੈਕਟਰ ਆਦਿ ਮੰਗਵਾ ਕੇ ਸੜਕਾਂ 'ਤੇ ਪਏ ਟੋਏ ਭਰਵਾਏ ਗਏ | ਇਸ ਮੌਕੇ ਰਾਣਾ ਗਿੱਲ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਹਲਕਾ ਖਰੜ ਦੀਆਂ ਸੜਕਾਂ ਦੀ ਜਲਦ ਤੋਂ ਜਲਦ ਮੁਰੰਮਤ ਕਰਵਾਈ ਜਾਵੇ | ਇਸ ਮੌਕੇ ਉਨ੍ਹਾਂ ਨਾਲ ਸਰਪੰਚ ਮਨਜੀਤ ਸਿੰਘ, ਸਿਕੰਦਰ ਸਿੰਘ ਸਾਬਕਾ ਸਰਪੰਚ, ਹਰਿੰਦਰ ਸਿੰਘ ਨੀਟੂ, ਕਿ੍ਪਾਲ ਸਿੰਘ, ਰਵਿੰਦਰ ਸਿੰਘ, ਗੁਰਵਿੰਦਰ ਸਿੰਘ, ਮੋਹਨ ਸਿੰਘ ਝੂੰਗੀਆਂ, ਸਰਬਜੀਤ ਸਿੰਘ, ਕੁਲਵਿੰਦਰ ਸਿੰਘ ਸਾਬਕਾ ਸਰਪੰਚ ਰੁੜਕੀ, ਦਵਿੰਦਰ ਸਿੰਘ, ਜਗਦੀਪ ਸਿੰਘ ਚਾਹਲ, ਕੇਸਰ ਸਿੰਘ, ਸੁਰਮੁੱਖ ਸਿੰਘ, ਸਤਵੀਰ ਸਿੰਘ ਸੱਤੀ, ਅਰਮਾਨ ਚੀਮਾ ਜੰਡਪੁਰ, ਪਰਮਿੰਦਰ ਲੌਂਗੀਆ, ਜਸਵੀਰ ਰਾਣਾ, ਪਿੰਦੀ ਕਰਤਾਰਪੁਰ ਤੇ ਗੁਰਪ੍ਰੀਤ ਪਲਹੇੜੀ ਸਮੇਤ ਵੱਖ-ਵੱਖ ਪਿੰਡਾਂ ਦੇ ਪਤਵੰਤੇ ਹਾਜ਼ਰ ਸਨ |