ਐੱਸ. ਏ. ਐੱਸ. ਨਗਰ, 3 ਸਤੰਬਰ (ਕਪਿਲ ਵਧਵਾ)-ਮੁਹਾਲੀ ਅਦਾਲਤ ਨੇ ਸਾਲ 2018 ਦੇ ਸਨਸੰਨੀਖੇਜ਼ ਜ਼ੀਰਕਪੁਰ ਅਗਵਾ ਅਤੇ ਕਤਲ ਮਾਮਲੇ 'ਚ ਚਾਰ ਮੁਲਜ਼ਮਾਂ, ਜਿਨ੍ਹਾਂ ਵਿਚ ਅੰਮਿ੍ਤਪਾਲ ਸਿੰਘ ਉਰਫ਼ ਸੁੱਖਾ ਕਾਹਲੋਂ, ਲਖਬੀਰ ਸਿੰਘ ਉਰਫ ਲੱਕੀ, ਰੋਹਿਤ ਕੌੜਾ ਅਤੇ ਰਵਿੰਦਰ ਕੌਰ ਸ਼ਾਮਿਲ ਹਨ, ਨੂੰ ਬਰੀ ਕਰ ਦਿੱਤਾ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ 3 ਜੁਲਾਈ 2018 ਨੂੰ ਜ਼ੀਰਕਪੁਰ ਪੁਲਿਸ ਥਾਣੇ ਵਿਚ ਅਨਿਲ ਕੁਮਾਰ ਦੀ ਸ਼ਿਕਾਇਤ ਤੋਂ ਬਾਅਦ ਦਰਜ ਕੀਤਾ ਗਿਆ ਸੀ, ਜਿਸ ਨੇ ਦੋਸ਼ ਲਗਾਇਆ ਸੀ ਕਿ ਉਸ ਦੇ ਪੁੱਤਰ ਆਦਿਤਿਆ ਨੂੰ ਨੌਕਰੀ ਲਈ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਉਕਤ ਮੁਲਜ਼ਮ ਵਰਗਲਾ ਕੇ ਆਪਣੇ ਨਾਲ ਲੈ ਗਏ ਸਨ | ਪਰਿਵਾਰ ਨੇ ਕਥਿਤ ਤੌਰ 'ਤੇ ਮੁਲਜ਼ਮਾਂ ਨੂੰ ਉਕਤ ਕੰਮ ਲਈ 80 ਹਜ਼ਾਰ ਰੁ. ਦਿੱਤੇ ਸਨ, ਜਿਸ ਤੋਂ ਬਾਅਦ ਆਦਿਤਿਆ 21 ਜੂਨ 2018 ਨੂੰ ਅਚਾਨਕ ਲਾਪਤਾ ਹੋ ਗਿਆ ਸੀ ਅਤੇ ਬਾਅਦ ਵਿਚ ਉਸ ਦੀ ਲਾਸ਼ 11 ਜੁਲਾਈ ਨੂੰ ਹਰਿਆਣਾ ਵਿਖੇ ਪਾਣੀਪਤ ਦੇ ਇਕ ਨਾਲੇ ਵਿਚੋਂ ਬਰਾਮਦ ਹੋਈ ਸੀ | ਸ਼ੁਰੂ ਵਿਚ ਪੁਲਿਸ ਵਲੋਂ ਮੁਲਜ਼ਮਾਂ ਖ਼ਿਲਾਫ਼ ਆਈ. ਪੀ. ਸੀ. ਦੀ ਧਾਰਾ 365, 302, 201, 216, 34, ਅਤੇ 120-ਬੀ ਤਹਿਤ ਅਗਵਾ, ਕਤਲ, ਸਬੂਤ ਨਸ਼ਟ ਕਰਨ ਅਤੇ ਅਪਰਾਧਿਕ ਸਾਜਿਸ਼ ਰਚਣ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਗਿਆ ਸੀ | ਮੁਹਾਲੀ ਅਦਾਲਤ ਵਿਖੇ ਇਸ ਗੰਭੀਰ ਮਾਮਲੇ ਦੀ ਜਾਂਚ ਤੋਂ ਬਾਅਦ 2018 ਦੇ ਅੰਤ ਵਿਚ ਅਦਾਲਤੀ ਕਾਰਵਾਈ ਆਰੰਭ ਹੋਈ ਸੀ, ਜਿਸ ਦੀ ਸੁਣਵਾਈ ਦੌਰਾਨ ਅੰਮਿ੍ਤਪਾਲ ਸਿੰਘ ਅਤੇ ਹੋਰ ਲੰਬੇ ਸਮੇਂ ਤੱਕ ਹਿਰਾਸਤ ਵਿਚ ਰਹੇ ਕਿਉਂਕਿ ਪਹਿਲਾਂ ਅਦਾਲਤਾਂ ਨੇ ਦੋਸ਼ਾਂ ਦੀ ਗੰਭੀਰਤਾ ਕਾਰਨ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ, ਪ੍ਰੰਤੂ ਕੁਝ ਕਾਰਨਾਂ ਕਰਕੇ ਬਾਅਦ ਵਿਚ ਲਖਬੀਰ ਸਿੰਘ ਤੋਂ ਇਲਾਵਾ ਬਾਕੀ ਮੁਲਜ਼ਮਾਂ ਨੂੰ ਜ਼ਮਾਨਤ ਮਿਲ ਗਈ ਸੀ | ਹਾਲਾਂਕਿ ਲੰਬੇ ਮੁਕੱਦਮੇ ਅਤੇ ਗਵਾਹਾਂ ਦੇ ਬਿਆਨਾਂ ਦੀ ਜਾਂਚ ਤੋਂ ਬਾਅਦ ਮੁਹਾਲੀ ਅਦਾਲਤ ਨੇ ਪਾਇਆ ਕਿ ਇਸਤਗਾਸਾ ਪੱਖ ਦੋਸ਼ਾਂ ਨੂੰ ਵਾਜ਼ਬ ਸ਼ੱਕ ਤੋਂ ਪਰੇ ਸਾਬਤ ਕਰਨ ਵਿਚ ਅਸਫ਼ਲ ਰਿਹਾ ਹੈ, ਜਿਸ ਦੇ ਨਤੀਜੇ ਵਜੋਂ ਬੁੱਧਵਾਰ ਨੂੰ ਜੱਜ ਨੀਤੀਕਾ ਵਰਮਾ ਦੀ ਅਦਾਲਤ ਨੇ ਉਕਤ ਵਿਅਕਤੀਆਂ ਨੂੰ ਪ੍ਰੋਸੀਕਿਊਸ਼ਨ ਵਲੋਂ ਲਗਾਏ ਗਏ ਤਮਾਮ ਦੋਸ਼ਾਂ 'ਚੋਂ ਬਰੀ ਕਰ ਦਿੱਤਾ |