ਡੇਰਾਬੱਸੀ, 3 ਸਤੰਬਰ (ਗੁਰਮੀਤ ਸਿੰਘ)-ਬਰਵਾਲਾ ਸੜਕ 'ਤੇ ਪੈਂਦੇ ਪਿੰਡ ਭਗਵਾਨਪੁਰ ਨੇੜੇ ਸਥਿਤ ਫੋਕਲ ਪੁਆਇੰਟ 'ਚ ਅੱਜ ਮੁੜ ਤੋਂ ਬਰਸਾਤ ਦਾ ਪਾਣੀ ਭਰ ਗਿਆ | ਫੋਕਲ ਪੁਆਇੰਟ ਦੀਆਂ ਦਰਜਨਾਂ ਫੈਕਟਰੀਆਂ 'ਚ ਪਾਣੀ ਦਾਖ਼ਲ ਹੋਣ ਕਰਕੇ ਫੈਕਟਰੀ ਮਾਲਕਾਂ ਦਾ ਲੱਖਾਂ ਰੁ. ਦਾ ਨੁਕਸਾਨ ਹੋ ਗਿਆ, ਜਦਕਿ ਸੜਕਾਂ ਨੇ ਛੱਪੜ ਦਾ ਰੂਪ ਧਾਰਨ ਕਰ ਲਿਆ | ਫੈਕਟਰੀ ਪ੍ਰਬੰਧਕਾਂ ਨੇ ਕਿਹਾ ਕਿ ਇਥੇ ਬਰਸਾਤੀ ਪਾਣੀ ਦੀ ਨਿਕਾਸੀ ਦੇ ਪ੍ਰਬੰਧ ਜ਼ੀਰੋ ਹਨ, ਜਿਸ ਕਾਰਨ ਪਾਣੀ ਭਰਨ ਦਾ ਸਿਲਸਿਲਾ ਕਈ ਸਾਲਾਂ ਤੋਂ ਚਲਿਆ ਆ ਰਿਹਾ ਹੈ, ਪਰ ਡੇਰਾਬੱਸੀ ਪ੍ਰਸ਼ਾਸਨ ਵਲੋਂ ਕੋਈ ਕਦਮ ਨਹੀਂ ਚੁੱਕਿਆ ਗਿਆ | ਉਨ੍ਹਾਂ ਕਿਹਾ ਕਿ ਬਿਲਡਰ ਇੰਡਸਟਰੀ ਪਲਾਟ ਵੇਚ ਕੇ ਆਪਣੀ ਜੇਬਾਂ ਭਰ ਕੇ ਗਾਇਬ ਹੋ ਚੁੱਕੇ ਹਨ ਤੇ ਹੁਣ ਭੁਗਤਣਾ ਉਨ੍ਹਾਂ ਨੂੰ ਪੈ ਰਿਹਾ ਹੈ |