ਡੇਰਾਬੱਸੀ, 3 ਸਤੰਬਰ (ਗੁਰਮੀਤ ਸਿੰਘ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਸਮੁੱਚੀ ਟੀਮ ਪੰਜਾਬ 'ਚ ਹੜ੍ਹਾਂ ਦੇ ਰੂਪ 'ਚ ਆਈ ਕੁਦਰਤੀ ਆਫ਼ਤ ਨਾਲ ਨਜਿੱਠਣ ਲਈ ਇਕਜੁੱਟ ਹੋ ਕੇ ਹੜ੍ਹ ਪੀੜਤ ਲੋਕਾਂ ਦੀ ਸੇਵਾ 'ਚ ਜੁੱਟੀ ਹੋਈ ਹੈ | ਇਹ ਪ੍ਰਗਟਾਵਾ ਹਲਕਾ ਡੇਰਾਬੱਸੀ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਅੱਜ ਆਪਣੇ ਮੁੱਖ ਦਫ਼ਤਰ ਤੋਂ ਦਾ ਬੱਸੀ ਮੁਬਾਰਕਪੁਰ ਟਰੱਕ ਯੂਨੀਅਨ ਅਤੇ ਵੱਖ-ਵੱਖ ਪਾਰਟੀ ਅਹੁਦੇਦਾਰਾਂ ਸਮੇਤ ਐਨ. ਜੀ. ਓਜ਼ ਨਾਲ ਮਿਲ ਕੇ ਹੜ੍ਹ ਪੀੜਤਾਂ ਲਈ ਤਿਆਰ ਕੀਤੀ ਹੜ੍ਹ ਰਾਹਤ ਸਮੱਗਰੀ ਦੇ ਚਾਰ ਟਰੱਕ ਹਰੀਕੇ ਪੱਤਣ ਲਈ ਰਵਾਨਾ ਕਰਨ ਮੌਕੇ ਕੀਤਾ | ਉਨ੍ਹਾਂ ਕਿਹਾ ਕਿ ਪੰਜਾਬ ਦੇ ਵੱਖ-ਵੱਖ ਜ਼ਿਲ੍ਹੇ ਜੋ ਕਿ ਇਸ ਸਮੇਂ ਕੁਦਰਤੀ ਆਫ਼ਤ ਕਾਰਨ ਹੜ੍ਹਾਂ ਦੀ ਮਾਰ ਹੇਠ ਆ ਚੁੱਕੇ ਹਨ, ਦੇ ਲੋਕਾਂ ਦੀ ਮਦਦ ਕਰਨਾ ਸਾਡਾ ਸਾਰਿਆਂ ਦਾ ਮੁੱਢਲਾ ਫਰਜ਼ ਹੈ | ਉਨ੍ਹਾਂ ਕਿਹਾ ਕਿ ਲੋੜਵੰਦ ਲੋਕਾਂ ਤੱਕ ਹਰ ਤਰ੍ਹਾਂ ਦੀ ਸੰਭਵ ਮਦਦ ਪਹੁੰਚਾਉਣਾ ਕੇਵਲ ਸਾਡੀ ਜ਼ਿੰਮੇਵਾਰੀ ਹੀ ਨਹੀਂ, ਬਲਕਿ ਇਹ ਇਨਸਾਨੀਅਤ ਦਾ ਫਰਜ਼ ਨਿਭਾਉਣਾ ਵੀ ਹੈ |