ਐੱਸ. ਏ. ਐੱਸ. ਨਗਰ, 3 ਸਤੰਬਰ (ਤਰਵਿੰਦਰ ਸਿੰਘ ਬੈਨੀਪਾਲ)-ਪਿਛਲੇ ਕਈ ਦਿਨਾਂ ਤੋਂ ਪੈ ਰਹੀ ਭਾਰੀ ਬਰਸਾਤ ਦੇ ਚੱਲਦਿਆਂ ਸੈਕਟਰ-89 'ਚ ਉਸਾਰੀ ਅਧੀਨ ਇਕ ਨਿੱਜੀ ਹਸਪਤਾਲ ਵਲੋਂ ਪੁੱਟੀ ਜਾ ਰਹੀ ਬੇਸਮੈਂਟ ਕਾਰਨ ਸੈਕਟਰ ਨੂੰ ਆ ਰਹੀ ਇਕ ਸੜਕ ਦਾ ਫੁੱਟਪਾਥ ਅਤੇ ਸੜਕ ਧਸਣ ਕਾਰਨ ਵਸਨੀਕਾਂ ਨੂੰ ਭਾਰੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਰੈਜ਼ੀਡੈਂਟ ਵੈੱਲਫ਼ੇਅਰ ਐਸੋਸੀਏਸ਼ਨ ਸੈਕਟਰ-89 ਦੇ ਪ੍ਰਧਾਨ ਹਰਦੀਪ ਸਿੰਘ, ਜਨਰਲ ਸਕੱਤਰ ਜਗਤਾਰ ਸਿੰਘ, ਖ਼ਜ਼ਾਨਚੀ ਰਾਜਵਿੰਦਰ ਸਿੰਘ ਤੇ ਕਮਲਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਵਲੋਂ ਹਸਪਤਾਲ ਦੇ ਪ੍ਰਬੰਧਕਾਂ ਨੂੰ ਰਿਹਾਇਸ਼ੀ ਇਲਾਕੇ ਵੱਲ ਦੇਖ ਕੇ ਬੇਸਮੈਂਟ ਦੀ ਪੁਟਾਈ ਕਰਨ ਸੰਬੰਧੀ ਕਿਹਾ ਗਿਆ ਸੀ, ਪਰ ਮੈਨੇਜਮੈਂਟ ਵਲੋਂ ਉਨ੍ਹਾਂ ਦੀ ਗੱਲ ਵੱਲ ਧਿਆਨ ਨਹੀਂ ਦਿੱਤਾ ਗਿਆ | ਉਨ੍ਹਾਂ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਪੈ ਰਹੀ ਭਾਰੀ ਬਰਸਾਤ ਕਾਰਨ ਸੜਕ ਦੀ ਫੁੱਟਪਾਥ ਅਤੇ ਸੜਕ ਧਸਣ ਕਾਰਨ ਰਾਹ ਨੁਕਸਾਨਿਆ ਗਿਆ ਹੈ, ਜਿਸ ਨਾਲ ਸੈਕਟਰ ਵਾਸੀਆਂ ਨੂੰ ਆਉਣ-ਜਾਣ ਵਿਚ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਉਨ੍ਹਾਂ ਦੱਸਿਆ ਕਿ ਉਨ੍ਹਾਂ ਇਸ ਤੋਂ ਪਹਿਲਾਂ ਗਮਾਡਾ ਦੇ ਚੀਫ਼ ਐਡਮਿਨਸਟ੍ਰੇਟਰ ਨੂੰ ਮਿਲ ਕੇ ਸੈਕਟਰ-89 ਵਿਚ ਉਸਾਰੀ ਅਧੀਨ ਨਿੱਜੀ ਹਸਪਤਾਲ ਵਲੋਂ ਪੁੱਟੀ ਜਾ ਰਹੀ ਬੇਸਮੈਂਟ ਕਾਰਨ ਸਾਈਡ ਤੋਂ ਸੜਕ ਦੇ ਟੁੱਟਣ, ਸੀਵਰੇਜ ਪਾਈਪਾਂ ਦੀ ਟੁੱਟ-ਭੱਜ, ਬਿਜਲੀ ਦੀਆਂ ਤਾਰਾਂ ਦੀ ਖ਼ਰਾਬੀ ਤੇ ਪਾਣੀ ਦੀਆਂ ਪਾਈਪਾਂ ਦੀ ਮਾੜੀ ਸਥਿਤੀ ਬਾਰੇ ਵਿਸਥਾਰ 'ਚ ਜਾਣਕਾਰੀ ਦੇ ਕੇ ਆਏ ਸਨ, ਪਰ ਅਜੇ ਤੱਕ ਗਮਾਡਾ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ | ਉਨ੍ਹਾਂ ਕਿਹਾ ਕਿ ਜੇਕਰ ਰਿਹਾਇਸ਼ੀ ਇਲਾਕੇ ਦਾ ਕੋਈ ਨੁਕਸਾਨ ਹੁੰਦਾ ਹੈ ਤਾਂ ਇਸ ਦੀ ਸਾਰੀ ਜ਼ਿੰਮੇਵਾਰੀ ਹਸਪਤਾਲ ਪ੍ਰਬੰਧਕਾਂ ਦੀ ਹੋਵੇਗੀ | ਉਨ੍ਹਾਂ ਗਮਾਡਾ ਅਧਿਕਾਰੀਆਂ ਤੋਂ ਤੁਰੰਤ ਮੌਕਾ ਦੇਖ ਕੇ ਸੜਕ ਤੇ ਫੁੱਟਪਾਥ ਦੀ ਮੁਰੰਮਤ ਕਰਨ ਦੀ ਮੰਗ ਕੀਤੀ ਹੈ |