ਖਰੜ, 3 ਸਤੰਬਰ (ਗੁਰਮੁੱਖ ਸਿੰਘ ਮਾਨ)-ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੀ ਬਲਾਕ ਖਰੜ ਦੇ ਪਿੰਡ ਘੜੂੰਆਂ ਵਿਖੇ ਮੀਟਿੰਗ ਹੋਈ, ਜਿਸ ਵਿਚ ਸੂਬਾ ਪ੍ਰੈਸ ਸਕੱਤਰ ਮੇਹਰ ਸਿੰਘ ਥੇੜੀ, ਜ਼ਿਲ੍ਹਾ ਪ੍ਰਧਾਨ ਰਵਿੰਦਰ ਸਿੰਘ ਦੇਹਕਲਾਂ, ਰਣਜੀਤ ਸਿੰਘ ਬਾਸੀਆਂ, ਹਕੀਕਤ ਸਿੰਘ ਘੜੂੰਆਂ ਤੇ ਜੱਸੀ ਗਿੱਲ ਸਮੇਤ ਹੋਰ ਕਿਸਾਨ ਆਗੂਆਂ ਨੇ ਉਚੇਚੇ ਤੌਰ 'ਤੇ ਸ਼ਿਰਕਤ ਕੀਤੀ | ਮੀਟਿੰਗ ਵਿਚ 4 ਸਤੰਬਰ ਨੂੰ ਹੋਣ ਵਾਲੀ ਮਹੀਨਾਵਾਰ ਮੀਟਿੰਗ ਮੁਲਤਵੀ ਕਰ ਦਿੱਤੀ ਗਈ ਕਿਉਂਕਿ ਜ਼ਿਲ੍ਹਾ ਮੁਹਾਲੀ ਦਾ ਕਾਫ਼ੀ ਖੇਤਰ ਹੜ੍ਹਾਂ ਦੇ ਪ੍ਰਭਾਵ ਹੇਠ ਆਇਆ ਹੋਇਆ ਹੈ | ਘੱਗਰ ਦਰਿਆ ਅਤੇ ਹੋਰ ਬਰਸਾਤੀ ਨਾਲੇ ਪਾਣੀ ਨਾਲ ਨੱਕੋ-ਨੱਕ ਭਰੇ ਹੋਏ ਹਨ | ਕਿਸਾਨ ਆਗੂਆਂ ਨੇ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਪਿੰਡ ਪੱਧਰ 'ਤੇ ਫ਼ੰਡ ਇਕੱਠਾ ਕਰਕੇ ਲੋੜਵੰਦਾਂ ਦੀ ਮਦਦ ਲਈ ਭੇਜਣ | ਉਨ੍ਹਾਂ ਇਹ ਵੀ ਅਪੀਲ ਕੀਤੀ ਕਿ ਦਾਨੀ ਸੱਜਣ ਖ਼ੁਦ ਫ਼ੰਡ ਇਕੱਠਾ ਕਰਕੇ ਆਪ ਹੀ ਲੋੜਵੰਦਾਂ ਤੱਕ ਪੁੱਜਦਾ ਕਰਨ | ਇਸ ਮੌਕੇ ਅਜੈਬ ਸਿੰਘ, ਬਲਜਿੰਦਰ ਸਿੰਘ, ਉਜਾਗਰ ਸਿੰਘ, ਗੁਰਿੰਦਰਜੀਤ ਸਿੰਘ, ਕਾਕਾ ਸਿੰਘ ਤੇ ਗੁਰਮੀਤ ਸਿੰਘ ਸਮੇਤ ਯੂਨੀਅਨ ਦੇ ਹੋਰ ਮੈਂਬਰ ਵੀ ਹਾਜ਼ਰ ਸਨ |