ਖਰੜ, 5 ਸਤੰਬਰ (ਗੁਰਮੱੁਖ ਸਿੰਘ ਮਾਨ)-ਖਰੜ-ਬੱਸੀ ਰੋਡ 'ਤੇ ਐਸ. ਵਾਈ. ਐਲ. ਨਹਿਰ ਦੀ ਪਿੰਡ ਮਲਕਪੁਰ ਕ੍ਰਾਸਿੰਗ ਦਾ ਬੀਤੀ ਸ਼ਾਮ ਵੱਖ-ਵੱਖ ਤਕਨੀਕੀ ਟੀਮਾਂ ਸਮੇਤ ਜਾਇਜ਼ਾ ਲੈਣ ਲਈ ਪੁੱਜੇ ਐਸ. ਡੀ. ਐਮ. ਖਰੜ ਦਿਵਿਆ ਪੀ ਨੇ ਦੱਸਿਆ ਕਿ ਨਹਿਰ 'ਚ ਪਾਣੀ ਦਾ ਪੱਧਰ ਘਟਣ ਤੋਂ ਤੁਰੰਤ ਬਾਅਦ ਮੁਰੰਮਤ ਦਾ ਕੰਮ ਸ਼ੁਰੂ ਕਰਵਾ ਦਿੱਤਾ ਜਾਵੇਗਾ | ਇਸੇ ਦੌਰਾਨ ਡਰੇਨੇਜ਼ ਵਿਭਾਗ, ਲੋਕ ਨਿਰਮਾਣ ਵਿਭਾਗ ਅਤੇ ਈ. ਓ. ਖਰੜ ਨੂੰ ਲੋਕ ਨਿਰਮਾਣ ਵਿਭਾਗ ਵਲੋਂ ਇਸ ਜਗ੍ਹਾ 'ਤੇ ਤਜਵੀਜ਼ ਕੀਤੇ ਹੋਏ ਪੁਲ ਨੂੰ ਮਨਜੂਰੀ ਮਿਲਣ ਤੱਕ ਅਸਥਾਈ ਲਾਂਘਾ ਬਰਕਰਾਰ ਰੱਖਣ ਦੇ ਡਿਪਟੀ ਕਮਿਸ਼ਨਰ ਦੇ ਆਦੇਸ਼ਾਂ ਤੋਂ ਜਾਣੂ ਕਰਵਾਉਂਦਿਆਂ ਐਸ. ਡੀ. ਐਮ. ਨੇ ਕਿਹਾ ਕਿ ਲੋਕਾਂ ਨੂੰ ਇਸ ਰਸਤੇ ਤੋਂ ਗੁਜ਼ਰਨ 'ਚ ਆ ਰਹੀ ਮੁਸ਼ਕਿਲ ਨੂੰ ਜਲਦ ਦੂਰ ਕਰਵਾਇਆ ਜਾਵੇਗਾ | ਦੋ ਦਿਨ ਪਹਿਲਾਂ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਵਲੋਂ ਵੀ ਬਾਰਿਸ਼ਾਂ ਕਾਰਨ ਇਸ ਮਹੱਤਵਪੂਰਨ ਲਾਂਘੇ ਨੂੰ ਹੋਏ ਨੁਕਸਾਨ ਦਾ ਜਾਇਜ਼ਾ ਲਿਆ ਗਿਆ ਸੀ | ਉਨ੍ਹਾਂ ਮੌਕੇ 'ਤੇ ਮੌਜੂਦ ਲੋਕਾਂ ਨੂੰ ਭਰੋਸਾ ਦਿਵਾਇਆ ਸੀ ਕਿ ਇਸ ਥਾਂ 'ਤੇ ਸਥਾਈ ਪੁਲ ਉਸਾਰਨ ਦੀ ਤਜਵੀਜ਼ ਨੂੰ ਜਲਦ ਮਨਜ਼ੂਰ ਕਰਵਾਇਆ ਜਾਵੇਗਾ ਅਤੇ ਉਦੋਂ ਤੱਕ ਇਸ ਰਸਤੇ ਨੂੰ ਹਰ ਹਾਲਤ 'ਚ ਚਲਦਾ ਰੱਖਿਆ ਜਾਵੇਗਾ | ਐਸ. ਡੀ. ਐਮ. ਖਰੜ ਦੇ ਦੌਰੇ ਮੌਕੇ ਕਾਰਜ ਸਾਧਕ ਅਫ਼ਸਰ ਸੁਖਦੇਵ ਸਿੰਘ ਨੇ ਦੱਸਿਆ ਕਿ ਡਰੇਨੇਜ਼ ਵਿਭਾਗ ਤੇ ਲੋਕ ਨਿਰਮਾਣ ਵਿਭਾਗ ਦੇ ਤਕਨੀਕੀ ਮਾਰਗਦਰਸ਼ਨ 'ਚ ਇਸ ਥਾਂ 'ਤੇ ਪਾਈਪਾਂ ਦੀ ਲੰਬਾਈ 'ਚ ਵਾਧਾ ਕੀਤਾ ਜਾਵੇਗਾ ਤਾਂ ਜੋ ਪਾਣੀ ਦੀ ਕ੍ਰਾਸਿੰਗ ਦੌਰਾਨ ਪਾਈਪਾਂ ਦੁਆਲੇ ਲਗਾਈ ਗਈ ਮਿੱਟੀ ਨੂੰ ਖੋਰਾ ਨਾ ਲੱਗੇ | ਉਨ੍ਹਾਂ ਦੱਸਿਆ ਕਿ ਪਾਣੀ ਦਾ ਪੱਧਰ ਘਟਦੇ ਸਾਰ ਹੀ ਮੁਰੰਮਤ ਅਤੇ ਮਜ਼ਬੂਤੀ ਦਾ ਕੰਮ ਤੁਰੰਤ ਸ਼ੁਰੂ ਕਰਵਾ ਦਿੱਤਾ ਜਾਵੇਗਾ |