ਮਾਜਰੀ, 6 ਸਤੰਬਰ (ਕੁਲਵੰਤ ਸਿੰਘ ਧੀਮਾਨ)-ਸ਼ਿਵਾਲਿਕ ਦੀਆਂ ਪਹਾੜੀਆਂ ਵਿਚ ਵਸੇ ਪਿੰਡ ਮਿਰਜ਼ਾਪੁਰ ਸਥਿਤ ਡੈਮ ਨਾਲ ਲੱਗਦੀ ਸੰਪਰਕ ਸੜਕ ਵਿਚ ਬਰਸਾਤੀ ਪਾਣੀ ਕਾਰਨ ਵੱਡਾ ਪਾੜ ਪੈਣ ਦੇ ਚਲਦਿਆਂ ਸੜਕ ਦਾ ਕਾਫ਼ੀ ਹਿੱਸਾ ਹੜ੍ਹ ਚੁੱਕਾ ਹੈ, ਜਿਸ ਕਰਕੇ ਪਿੰਡ ਵਾਸੀਆਂ ਦਾ ਪੰਜਾਬ ਨਾਲੋਂ ਸੰਪਰਕ ਟੁੱਟ ਚੁੱਕਾ ਹੈ | ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਪਿੰਡ ਮਿਰਜ਼ਾਪੁਰ ਦੇ ਸਰਪੰਚ ਜੌਰਜ ਸਿੰਘ ਨੇ ਦੱਸਿਆ ਕਿ ਪਿਛਲੇ ਦਿਨਾਂ ਤੋਂ ਲਗਾਤਾਰ ਬਾਰਿਸ਼ ਪੈਣ ਨਾਲ ਪਿੰਡ ਮਿਰਜ਼ਾਪੁਰ ਵਿਖੇ ਬਰਸਾਤੀ ਪਾਣੀ ਵਾਲੇ ਡੈਮ ਵਿਚ ਜ਼ਿਆਦਾ ਪਾਣੀ ਇਕੱਠਾ ਹੋਣ ਕਾਰਨ ਪਿੰਡ ਨੂੰ ਜਾਣ ਵਾਲੀ ਸੰਪਰਕ ਸੜਕ ਵਿਚ ਵੱਡਾ ਪਾੜ ਪੈ ਗਿਆ ਹੈ, ਜਿਸ ਕਰਕੇ ਆਵਾਜਾਈ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ | ਉਨ੍ਹਾਂ ਦੱਸਿਆ ਕਿ ਅਸੀਂ ਕਈ ਵਾਰੀ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਫ਼ੋਨ ਕੀਤਾ ਸੀ, ਪਰ ਕੋਈ ਅਧਿਕਾਰੀ ਸਮੇਂ ਸਿਰ ਨਹੀਂ ਪੁੱਜਿਆ, ਸਗੋਂ ਅਧਿਕਾਰੀਆਂ ਨੇ ਕਿਹਾ ਕਿ ਤੁਸੀਂ ਆਪਣੇ ਪੱਧਰ ਬੰਨ੍ਹ ਲਗਾਉਣ ਦੀ ਕੋਸ਼ਿਸ਼ ਕਰੋ ਅਤੇ ਪਾੜ ਨੂੰ ਭਰਨ ਦੇ ਯਤਨ ਕਰੋ | ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਬੰਨ੍ਹ ਲਗਾਉਣ ਲਈ ਪ੍ਰੀਮਿਕਸ ਦਾ ਟਰੱਕ ਆਦਿ ਵੀ ਨਹੀਂ ਭੇਜਿਆ, ਸਗੋਂ ਥੈਲਿਆਂ ਵਿਚ ਰਾਖ ਭਰਕੇ ਭੇਜ ਦਿੱਤੀ ਹੈ | ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਕਰਕੇ ਅਧਿਕਾਰੀਆਂ ਵਲੋਂ ਸਾਡੇ ਨਾਲ ਮਜਾਕ ਕੀਤਾ ਹੈ | ਉਨ੍ਹਾਂ ਕਿਹਾ ਕਿ ਸਾਡੇ ਹਿੱਸੇ ਸਿਰਫ਼ ਰਾਖ ਹੀ ਆਈ ਹੈ ਅਤੇ ਅਜਿਹੇ 'ਚ ਇਸ ਪਾੜ ਨੂੰ ਕਿਵੇਂ ਪੂਰਿਆ ਜਾ ਸਕਦਾ ਹੈ | ਉਨ੍ਹਾਂ ਪੰਜਾਬ ਸਰਕਾਰ ਦੇ ਲੋਕ ਨਿਰਮਾਣ ਮੰਤਰੀ ਤੋਂ ਮੰਗ ਕੀਤੀ ਹੈ ਕਿ ਪਿੰਡ ਮਿਰਜ਼ਾਪੁਰ ਦਾ ਦੌਰਾ ਕਰਕੇ ਇਸ ਪਾੜ ਨੂੰ ਭਰਨ ਦਾ ਬੰਦੋਬਸਤ ਕੀਤਾ ਜਾਵੇ |