ਐੱਸ. ਏ. ਐੱਸ. ਨਗਰ, 19 ਅਕਤੂਬਰ (ਤਰਵਿੰਦਰ ਸਿੰਘ ਬੈਨੀਪਾਲ)-ਚੰਡੀਗੜ੍ਹ ਯੂਨੀਵਰਸਿਟੀ ਦੇ ਘੜੂੰਆ ਕੈਂਪਸ ਵਿਖੇ 5ਵੀਂ ਦੋ ਰੋਜ਼ਾ ਕੌਮਾਂਤਰੀ ਕਿਤਾਬ ਪ੍ਰਦਰਸ਼ਨੀ ਲਗਾਈ ਗਈ, ਜਿਸ ਦੌਰਾਨ ਵੱਖ-ਵੱਖ ਵਿਸ਼ਿਆਂ ਦੀਆਂ 25 ਹਜ਼ਾਰ ਤੋਂ ਵੱਧ ਕਿਤਾਬਾਂ ਪ੍ਰਦਰਸ਼ਿਤ ਕੀਤੀਆਂ ਗਈਆਂ | ਇਸ ਪ੍ਰਦਰਸ਼ਨੀ 'ਚ ਵੱਡੀ ਗਿਣਤੀ 'ਚ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀਆਂ ਅਤੇ ਸਟਾਫ਼ ਨੇ ਹਿੱਸਾ ਲਿਆ | ਕਿਤਾਬ ਪ੍ਰਦਰਸ਼ਨੀ ਦਾ ਮੁੱਖ ਉਦੇਸ਼ ਲੋਕਾਂ ਨੂੰ ਖ਼ਾਸ ਕਰਕੇ ਨਵੀਂ ਪੀੜ੍ਹੀ ਨੂੰ ਸਾਹਿਤ ਦੀ ਅਨਮੋਲ ਵਿਰਾਸਤ ਨਾਲ ਜੋੜਨਾ ਸੀ | ਇਸ ਪ੍ਰਦਰਸ਼ਨੀ 'ਚ ਵਿਸ਼ਵ ਪ੍ਰਸਿੱਧ ਲੇਖਕ ਅਤੇ ਵਿਸ਼ਵ ਰਿਕਾਰਡ ਧਾਰਕ ਅਰੁਣ ਸੋਨੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਦਕਿ ਚੰਡੀਗੜ੍ਹ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਸਤਬੀਰ ਸਿੰਘ ਸਹਿਗਲ, ਚੰਡੀਗੜ੍ਹ ਯੂਨੀਵਰਸਿਟੀ ਦੇ ਨਾਲੇਜ ਰਿਸੋਰਸ ਸੈਂਟਰ ਦੇ ਮੁੱਖ ਲਾਇਬ੍ਰੇਰੀਅਨ ਡਾ. ਪ੍ਰੇਮ ਪ੍ਰਕਾਸ਼ ਸੱਤੀ ਅਤੇ ਸੀਨੀਅਰ ਲਾਈਬ੍ਰੇਰੀਅਨ ਅੰਜੂ ਚੌਹਾਨ ਆਦਿ ਵਲੋਂ ਵੀ ਉਚੇਚੇ ਤੌਰ 'ਤੇ ਹਾਜ਼ਰੀ ਲੁਆਈ ਗਈ | ਇਸ ਤੋਂ ਇਲਾਵਾ ਦੇਸ਼ ਦੁਨੀਆ ਤੋਂ 33 ਪਬਲਿਸ਼ਰਾਂ ਅਤੇ ਕਿਤਾਬ ਵਿਕਰੇਤਾਵਾਂ ਨੇ ਪ੍ਰਦਰਸ਼ਨੀ 'ਚ ਸ਼ਿਰਕਤ ਕੀਤੀ | ਇਸ ਦੌਰਾਨ 30 ਤੋਂ ਵੱਧ ਸਟਾਲਾਂ 'ਚ ਸਾਹਿਤ, ਵਿਗਿਆਨ, ਤਕਨੀਕ, ਮੈਨੇਜਮੈਂਟ, ਮਨੁੱਖਤਾ, ਕਲਪਨਾ, ਕਹਾਣੀ, ਪ੍ਰੇਰਨਾਦਾਇਕ, ਸਮਾਜ ਵਿਗਿਆਨ ਅਤੇ ਉੱਭਰ ਰਹੀਆਂ ਤਕਨਾਲੋਜੀਆਂ ਵਰਗੇ ਵਿਸ਼ਿਆਂ 'ਤੇ 25 ਹਜ਼ਾਰ ਤੋਂ ਵੀ ਜ਼ਿਆਦਾ ਕਿਤਾਬਾਂ ਰੱਖੀਆਂ ਗਈਆਂ | ਇਸ ਮੌਕੇ ਵਿਸ਼ਵ ਪ੍ਰਸਿੱਧ ਲੇਖਕ ਅਰੁਣ ਸੋਨੀ, ਜਿਨ੍ਹਾਂ ਦਾ ਨਾਂਅ ਲਿਮਕਾ ਬੁੱਕ ਆਫ਼ ਰਿਕਾਰਡਜ਼ 'ਚ ਦਰਜ ਹੈ, ਨੇ ਸਾਈਬਰ ਸਕਿਊਰਿਟੀ ਵਿਸ਼ੇ 'ਤੇ ਵਿਸ਼ੇਸ਼ ਔਥਰ ਟਾਕ ਸੈਸ਼ਨ ਲਿਆ | ਇਸ ਦੌਰਾਨ ਉਨ੍ਹਾਂ ਸਾਈਬਰ ਸੁਰੱਖਿਆ ਅਤੇ ਹੈਕਿੰਗ ਵਰਗੇ ਵਿਸ਼ਿਆਂ 'ਤੇ ਵਿਚਾਰ ਸਾਂਝੇ ਕੀਤੇ | ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ 'ਚ ਹਰ ਚੀਜ਼ ਦਾ ਡਿਜ਼ੀਟਲਾਈਜ਼ੇਸ਼ਨ ਹੋ ਰਿਹਾ ਹੈ, ਲਿਹਾਜ਼ਾ ਸਾਨੂੰ ਸਾਈਬਰ ਅਪਰਾਧਾਂ ਅਤੇ ਇਨ੍ਹਾਂ ਤੋਂ ਬਚਣ ਦੀਆਂ ਤਕਨੀਕਾਂ ਬਾਰੇ ਜਾਗਰੂਕ ਹੋਣ ਦੀ ਲੋੜ ਹੈ | ਪ੍ਰਦਰਸ਼ਨੀ ਦੇ ਆਖ਼ਰੀ ਦਿਨ ਵਿਦਿਆਰਥੀਆਂ ਤੇ ਸਟਾਫ਼ ਮੈਂਬਰਾਂ ਵਲੋਂ ਸੱਭਿਆਚਾਰ ਦੇ ਰੰਗ ਬਿਖੇਰੇ ਗਏ | ਇਸ ਮੌਕੇ ਵਿਦਿਆਰਥੀਆਂ ਵਿਚਾਲੇ ਨਾਚ, ਗਾਇਕੀ, ਸੰਗੀਤ ਅਤੇ ਦਸਤਾਰ ਮੁਕਾਬਲੇ ਵੀ ਕਰਵਾਏ ਗਏ ਅਤੇ ਜੇਤੂਆਂ ਨੂੰ ਟਰਾਫ਼ੀਆਂ ਅਤੇ ਸਰਟੀਫ਼ਿਕੇਟ ਤਕਸੀਮ ਕੀਤੇ ਗਏ |