ਚੰਡੀਗੜ੍ਹ, 19 ਅਕਤੂਬਰ (ਅਜਾਇਬ ਸਿੰਘ ਔਜਲਾ)-ਆਮ ਆਦਮੀ ਪਾਰਟੀ, ਪੰਜਾਬ ਦੇ ਸੂਬਾ ਜਨਰਲ ਸਕੱਤਰ ਅਤੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਵਲੋਂ ਰਜਿੰਦਰ ਗੁਪਤਾ ਨੂੰ ਨਿਰਵਿਰੋਧ ਰਾਜ ਸਭਾ ਮੈਂਬਰ ਚੁਣੇ ਜਾਣ 'ਤੇ ਵਧਾਈ ਦਿੱਤੀ ਗਈ ਹੈ | ਬਰਸਟ ਨੇ ਕਿਹਾ ਕਿ ਰਜਿੰਦਰ ਗੁਪਤਾ ਵਰਗੇ ਕਾਬਿਲ, ਪੜ੍ਹੇ-ਲਿਖੇ ਅਤੇ ਸਮਾਜ ਸੇਵਾ ਨੂੰ ਸਮਰਪਿਤ ਵਿਅਕਤੀ ਨੂੰ ਰਾਜ ਸਭਾ ਵਿਚ ਭੇਜਣਾ ਗੌਰਵ ਦੀ ਗੱਲ ਹੈ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਹਮੇਸ਼ਾ ਯੋਗਤਾ, ਇਮਾਨਦਾਰੀ ਅਤੇ ਲੋਕ ਭਲਾਈ ਲਈ ਕੰਮ ਕਰਨ ਵਾਲਿਆਂ ਸ਼ਖ਼ਸੀਅਤਾਂ ਨੂੰ ਤਰਜੀਹ ਦਿੰਦੀ ਹੈ | ਆਮ ਆਦਮੀ ਪਾਰਟੀ ਵਲੋਂ ਸਮਾਜ ਦੀ ਭਲਾਈ ਲਈ ਚੰਗੀ ਕਾਰਗੁਜ਼ਾਰੀ ਕਰਨ ਵਾਲੇ ਨੇਤਾਵਾਂ ਨੂੰ ਹੀ ਰਾਜ ਸਭਾ ਮੈਂਬਰ ਵਜੋਂ ਚੁਣਿਆ ਗਿਆ ਹੈ | ਉਨ੍ਹਾਂ ਨੇ ਕਿਹਾ ਕਿ ਰਜਿੰਦਰ ਗੁਪਤਾ ਨਾ ਸਿਰਫ਼ ਇੱਕ ਵੱਡੇ ਉਦਯੋਗਪਤੀ ਹਨ, ਸਗੋਂ ਚੰਗੇ ਸਮਾਜ ਸੇਵਕ ਵੀ ਹਨ, ਜਿਹੜੇ ਹਰ ਸਮੇਂ ਲੋਕਾਂ ਦੀ ਭਲਾਈ ਲਈ ਕੰਮ ਕਰਦੇ ਆਏ ਹਨ | ਉਨ੍ਹਾਂ ਉਦਯੋਗ ਅਤੇ ਵਪਾਰ ਖੇਤਰ ਵਿਚ ਵਿਸ਼ੇਸ਼ ਯੋਗਦਾਨ ਦਿੱਤਾ ਹੈ, ਜਿਸਦੇ ਲਈ ਉਨ੍ਹਾਂ ਨੂੰ 2007 ਵਿਚ 'ਪਦਮ ਸ਼੍ਰੀ' ਸਨਮਾਨ ਨਾਲ ਵੀ ਨਿਵਾਜਿਆ ਗਿਆ ਹੈ | ਬਰਸਟ ਨੇ ਦੱਸਿਆ ਕਿ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਗ੍ਰੈਜੂਏਟ ਹਨ ਤੇ ਵਾਤਾਵਰਨ ਪ੍ਰੇਮੀ ਹਨ | ਸੰਤ ਸੀਚੇਵਾਲ ਨੂੰ ਪਰਿਆਵਰਨ ਸੰਰਖਣ ਲਈ 2017 ਵਿਚ ਪਦਮ ਸ੍ਰੀ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ | ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ, ਜਿਨ੍ਹਾਂ ਵਲੋਂ ਮਾਸਟਰ ਇਨ ਇਕਨੌਮਿਕਸ ਕੀਤੀ ਹੋਈ ਹੈ, ਦਾ ਉਦਯੋਗ ਅਤੇ ਸਿੱਖਿਆ ਦੇ ਖੇਤਰ ਵਿਚ ਚੰਗਾ ਯੋਗਦਾਨ ਹੈ, ਜਿਸਦੇ ਲਈ ਉਨ੍ਹਾਂ ਨੂੰ 2008 ਵਿਚ ਪਦਮ ਸ੍ਰੀ ਸਨਮਾਨ ਨਾਲ ਵੀ ਨਿਵਾਜਿਆ ਗਿਆ ਹੈ | ਸੂਬਾ ਜਨਰਲ ਸਕੱਤਰ ਨੇ ਦੱਸਿਆ ਕਿ ਮਸ਼ਹੂਰ ਕਿ੍ਕੇਟਰ ਹਰਭਜਨ ਸਿੰਘ ਨੂੰ ਖੇਡਾਂ ਵਿਚ ਯੋਗਦਾਨ ਲਈ 2009 ਵਿਚ ਪਦਮ ਸ੍ਰੀ ਸਨਮਾਨ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਲੋਕ ਕੇਂਦਰਤ, ਵਿਕਾਸਸ਼ੀਲ ਤੇ ਸਮਾਜਿਕ ਬਦਲਾਅ ਦੀ ਪਹਿਚਾਣ ਬਣ ਚੁੱਕੀ ਹੈ ਅਤੇ ਜ਼ਮੀਨੀ ਪੱਧਰ ਤੇ ਕੰਮ ਕਰਨ ਵਾਲੇ ਨੇਤਾਵਾਂ ਨੂੰ ਅੱਗੇ ਲਿਆਉਣਾ ਸਾਡੀ ਵਚਨਬੱਧਤਾ ਹੈ |