ਡੇਰਾਬੱਸੀ, 1 ਨਵੰਬਰ (ਰਣਬੀਰ ਸਿੰਘ ਪੜ੍ਹੀ)-ਡੇਰਾਬੱਸੀ ਪੁਲਿਸ ਨੇ ਅੱਜ ਦੋ ਵੱਖ-ਵੱਖ ਮਾਮਲਿਆਂ 'ਚ ਕਾਰਵਾਈ ਕਰਦੇ ਹੋਏ ਇਕ ਪਾਸੇ ਚੋਰੀ ਦੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ, ਜਦਕਿ ਦੂਜੇ ਮਾਮਲੇ 'ਚ ਹੈਰੋਇਨ ਦਾ ਨਸ਼ਾ ਕਰਨ ਵਾਲੇ ਨੌਜਵਾਨ ਨੂੰ ਗਿ੍ਫ਼ਤਾਰ ਕਰ ਲਿਆ | ਪਹਿਲੇ ਮਾਮਲੇ 'ਚ ਵਿਕਾਸ ਦੱਤ ਪੁੱਤਰ ਇੰਦਰ ਕੁਮਾਰ ਵਾਸੀ ਪਿੰਡ ਜਵਾਹਰਪੁਰ (26) ਨੇ ਦੱਸਿਆ ਕਿ ਉਹ ਰਾਜ ਮਿਸਤਰੀ ਅਤੇ ਠੇਕੇਦਾਰੀ ਦਾ ਕੰਮ ਕਰਦਾ ਹੈ | 28 ਅਕਤੂਬਰ ਨੂੰ ਉਸ ਨੇ ਯੂਨੀਵਰਸਲ ਫੈਕਟਰੀ ਜਵਾਹਰਪੁਰ ਵਿਖੇ ਇਕ ਇਮਾਰਤ ਬਣਾਉਣ ਲਈ ਲੈਂਟਰ ਦੀ ਸ਼ਟਰਿੰਗ ਦੀਆਂ ਲੋਹੇ ਦੀਆਂ 110 ਪਲੇਟਾਂ ਮੰਗਵਾ ਕੇ ਸ਼ਾਮ ਦੇ 6.30 ਵਜੇ ਸਾਈਟ 'ਤੇ ਰੱਖੀਆਂ ਸਨ ਅਤੇ ਅਗਲੇ ਦਿਨ ਜਦੋਂ ਉਸ ਨੇ ਸਵੇਰੇ ਸਾਈਟ 'ਤੇ ਪਹੁੰਚ ਕੇ ਦੇਖਿਆ ਤਾਂ 90 ਪਲੇਟਾਂ ਗਾਇਬ ਸਨ | ਕੈਮਰਿਆਂ ਦੀ ਜਾਂਚ ਕਰਨ 'ਤੇ ਪਤਾ ਚੱਲਿਆ ਕਿ ਦੋ ਤੋਂ ਤਿੰਨ ਅਣਪਛਾਤੇ ਵਿਅਕਤੀ ਮਹਿੰਦਰਾ ਗੱਡੀ 'ਤੇ ਪਲੇਟਾਂ ਲੋਡ ਕਰਕੇ ਲੈ ਗਏ, ਜਿਨ੍ਹਾਂ ਦੀ ਕੀਮਤ ਕਰੀਬ 2 ਲੱਖ ਰੁ. ਬਣਦੀ ਹੈ | ਉਧਰ ਮਾਮਲੇ ਦੇ ਤਫ਼ਤੀਸ਼ੀ ਅਫ਼ਸਰ ਦੌਲਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮਾਮਲਾ ਦਰਜ ਕਰਕੇ ਉਥੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ਼ ਦੇ ਆਧਾਰ 'ਤੇ ਮੁਲਜ਼ਮਾਂ ਨੂੰ ਗਿ੍ਫ਼ਤਾਰ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਦੂਜੇ ਮਾਮਲੇ 'ਚ ਮੁਬਾਰਕਪੁਰ ਪੁਲਿਸ ਵਲੋਂ ਫਨਸਿਟੀ ਦੇ ਰਹਿਣ ਵਾਲੇ ਇਕ ਨੌਜਵਾਨ ਨੂੰ ਹੈਰੋਇਨ ਦਾ ਨਸ਼ਾ ਕਰਨ ਦੇ ਦੋਸ਼ ਹੇਠ ਗਿ੍ਫ਼ਤਾਰ ਕੀਤਾ ਗਿਆ ਹੈ, ਜਿਸ ਦਾ ਡੋਪ ਟੈਸਟ ਪਾਜ਼ੀਟਿਵ ਆਇਆ ਹੈ | ਬਾਅਦ 'ਚ ਉਸ ਨੂੰ ਇਲਾਜ ਲਈ ਜ਼ਮਾਨਤ 'ਤੇ ਪਰਿਵਾਰ ਦੇ ਹਵਾਲੇ ਕਰ ਦਿੱਤਾ ਗਿਆ |