ਐੱਸ. ਏ. ਐੱਸ. ਨਗਰ, 21 ਨਵੰਬਰ (ਕਪਿਲ ਵਧਵਾ)-ਮੁਹਾਲੀ ਵਿਖੇ ਭੇਦ-ਭਰੇ ਹਾਲਾਤਾਂ 'ਚ ਇਕ ਨੌਜਵਾਨ ਦੀ ਲਾਸ਼ ਮਿਲਣ 'ਤੇ ਥਾਣਾ ਆਈ. ਟੀ. ਸਿਟੀ ਪੁਲਿਸ ਨੇ ਗੈਰ-ਇਰਦਾ ਹੱਤਿਆ ਦੇ ਦੋਸ਼ ਹੇਠ ਮਿ੍ਤਕ ਦੇ ਦੋਸਤਾਂ ਸਮੇਤ ਚਾਰ ਨੂੰ ਨਾਮਜ਼ਦ ਕੀਤਾ ਹੈ | ਜਾਣਕਾਰੀ ਅਨੁਸਾਰ ਬਲਵਿੰਦਰ ਸਿੰਘ ਵਾਸੀ ਪਿੰਡ ਮਨੌਲੀ ਨੇ ਦੱਸਿਆ ਕਿ ਉਸ ਦੇ ਛੋਟੇ ਲੜਕੇ ਮਨਪ੍ਰੀਤ ਸਿੰਘ ਉਰਫ਼ ਪੀਤੀ ਦੀ ਦੋਸਤੀ ਹਰਪ੍ਰੀਤ ਸਿੰਘ ਉਰਫ਼ ਕਾਕੂ, ਬਲਬੀਰ ਸਿੰਘ ਉਰਫ਼ ਬੀਰੂ ਵਾਸੀ ਬਾਬਾ ਕਾਲੋਨੀ ਪਿੰਡ ਮਨੌਲੀ ਨਾਲ ਸੀ, ਜਿਨ੍ਹਾਂ ਨਾਲ ਉਸ ਦੀ ਕੁਝ ਸਮਾਂ ਪਹਿਲਾ ਅਣਬਣ ਹੋ ਗਈ ਸੀ, ਪਰ ਹੁਣ ਉਹ ਆਪਸ 'ਚ ਵਰਤਦੇ ਸਨ ਅਤੇ 8 ਨਵੰਬਰ ਦੀ ਰਾਤ ਨੂੰ ਮਨਪ੍ਰੀਤ ਸਿੰਘ ਆਪਣੇ ਉਕਤ ਦੋਸਤਾਂ ਨਾਲ ਚਲਾ ਗਿਆ ਸੀ, ਜਿਸ ਤੋਂ ਅਗਲੇ ਦਿਨ ਉਸ ਦੀ ਲਾਸ਼ ਦੈੜੀ ਤੋਂ ਏਅਰਪੋਰਟ ਦੇ ਕਿਨਾਰੇ ਮਿਲੀ ਸੀ | ਪੁਲਿਸ ਨੂੰ ਉਸ ਦੀ ਲਾਸ਼ ਝਾੜੀਆਂ ਤੋਂ ਬਰਾਮਦ ਹੋਈ ਸੀ, ਜਿਸ ਤੋਂ ਬਾਅਦ ਸਰਕਾਰੀ ਹਸਪਤਾਲ ਤੋਂ ਲਾਸ਼ ਦਾ ਪੋਸਟਮਾਰਟਮ ਕਰਵਾਇਆ | ਮਿ੍ਤਕ ਦੇ ਪਿਤਾ ਨੇ ਆਪਣੇ ਬਿਆਨਾਂ 'ਚ ਹਰਪ੍ਰੀਤ ਸਿੰਘ ਉਰਫ਼ ਕਾਕੂ, ਬਲਬੀਰ ਸਿੰਘ ਉਰਫ਼ ਬੀਰੂ ਅਤੇ ਉਨ੍ਹਾਂ ਦੇ ਭਰਾ ਜਸਵੀਰ ਸਿੰਘ ਤੇ ਮਾਤਾ ਮਨਜੀਤ ਕੌਰ ਵਾਸੀ ਬਾਬਾ ਕਾਲੋਨੀ ਪਿੰਡ ਮਨੌਲੀ 'ਤੇ ਉਸ ਦੇ ਪੁੱਤਰ ਦਾ ਸਾਜਿਸ਼ ਤਹਿਤ ਕਤਲ ਕਰਨ ਦਾ ਸ਼ੱਕ ਜਤਾਇਆ ਹੈ | ਹੁਣ ਪੁਲਿਸ ਅਨੁਸਾਰ ਪੋਸਟਮਾਰਟਮ ਵਿਚ ਮਿ੍ਤਕ ਦੇ ਸਰੀਰ 'ਤੇ ਕੋਈ ਵੀ ਡੂੰਗੀ ਸੱਟ ਦੇ ਨਿਸ਼ਾਨ ਜਾਂ ਉਸ ਨੂੰ ਕੋਈ ਜ਼ਹਿਰੀਲੀ ਵਸਤੂ ਦਿੱਤੇ ਜਾਣ ਦੇ ਸੰਕੇਤ ਨਹੀਂ ਮਿਲੇ | ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਵਿਸਰਾ ਰਿਪੋਰਟ ਆਉਣ 'ਤੇ ਹੀ ਮਨਪ੍ਰੀਤ ਸਿੰਘ ਦੀ ਮੌਤ ਦੇ ਅਸਲ ਕਾਰਨਾਂ ਦਾ ਪਤਾ ਲੱਗ ਸਕੇਗਾ |