ਚੰਡੀਗੜ੍ਹ, 23 ਨਵੰਬਰ (ਸੰਦੀਪ ਕੁਮਾਰ ਮਾਹਨਾ)-ਸਮਗਰ ਸਿੱਖਿਆ ਚੰਡੀਗੜ੍ਹ ਵਲੋਂ ਟਰੇਨਡ ਗ੍ਰੈਜੂਏਟ ਟੀਚਰਜ਼ (ਟੀ. ਜੀ. ਟੀ.) ਦੀਆਂ 104 ਖ਼ਾਲੀ ਅਸਾਮੀਆਂ ਲਈ ਲਿਖਤੀ ਪ੍ਰੀਖਿਆ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਨੇਪਰੇ ਚੜ੍ਹ ਗਈ | ਇਹ ਪੇਪਰ ਚੰਡੀਗੜ੍ਹ ਦੇ ਸਰਕਾਰੀ ਸਕੂਲਾਂ 'ਚ ਬਣਾਏ ਗਏ ਵੱਖ-ਵੱਖ ਕੇਂਦਰਾਂ 'ਚ ਦੋ ਸ਼ਿਫ਼ਟਾਂ (ਸਵੇਰੇ 9:30 ਤੋਂ 12:00 ਤੇ ਦੁਪਹਿਰ 2:30 ਤੋਂ 5:00) ਵਿਚ ਲਏ ਗਏ | ਪ੍ਰੀਖਿਆ ਟੀ. ਜੀ. ਟੀ. ਸਾਇੰਸ (ਨਾਨਮੈਡੀਕਲ), ਪੰਜਾਬੀ, ਗਣਿਤ, ਸਾਇੰਸਮੈਡੀਕਲ ਤੇ ਸੋਸ਼ਲ ਸਟੱਡੀਜ਼/ਜਿਓਗ੍ਰਾਫੀ ਵਿਸ਼ਿਆਂ ਵਾਸਤੇ ਲਈ ਗਈ | ਕੁਲ 10,657 ਉਮੀਦਵਾਰਾਂ 'ਚੋਂ 6105 ਨੇ ਪ੍ਰੀਖਿਆ ਵਿਚ ਹਾਜ਼ਰੀ ਭਰੀ | ਭਰਤੀ ਪ੍ਰਕਿਰਿਆ ਨਾਲ ਸੰਬੰਧਤ ਸਾਰਾ ਕੰਮ ਇਕ ਭਰਤੀ ਏਜੰਸੀ ਨੂੰ ਸੌਂਪਿਆ ਗਿਆ ਸੀ ਜਦ ਕਿ ਪ੍ਰੀਖਿਆ ਕੇਂਦਰਾਂ ਦੀ ਵਿਵਸਥਾ ਸਿੱਖਿਆ ਵਿਭਾਗ ਚੰਡੀਗੜ੍ਹ ਵਲੋਂ ਕੀਤੀ ਗਈ | ਪ੍ਰੀਖਿਆ ਦੌਰਾਨ ਪ੍ਰਸ਼ਨਪੱਤਰ, ਸਟਾਫ਼ ਤੇ ਹੋਰ ਸਮੱਗਰੀ ਦੀ ਨਿਗਰਾਨੀ ਵੀ ਭਰਤੀ ਏਜੰਸੀ ਨੇ ਕੀਤੀ | ਚੰਡੀਗੜ੍ਹ ਪ੍ਰਸ਼ਾਸਨ ਦੇ ਚਾਰ ਸੀਨੀਅਰ ਅਧਿਕਾਰੀਆਂ ਨੂੰ ਸੁਤੰਤਰ ਨਿਰੀਖਕ ਵਜੋਂ ਪ੍ਰੀਖਿਆ ਕੇਂਦਰਾਂ 'ਤੇ ਤਾਇਨਾਤ ਕੀਤਾ ਗਿਆ ਸੀ | ਪ੍ਰੀਖਿਆ ਦੀ ਨਿਰਵਿਘਨ ਪ੍ਰਕਿਰਿਆ ਯਕੀਨੀ ਬਣਾਉਣ ਲਈ ਕੇਂਦਰਾਂ ਵਿਚ ਸੀ. ਸੀ. ਟੀ. ਵੀ. ਕੈਮਰੇ ਤੇ ਜੈਮਰ ਵੀ ਲਗਾਏ ਗਏ | ਪ੍ਰੀਖਿਆ ਕੇਂਦਰਾਂ 'ਚ ਉਮੀਦਵਾਰਾਂ ਦਾ ਦਾਖਲਾ ਬਾਇਓਮੈਟਰਿਕ ਹਾਜ਼ਰੀ ਰਾਹੀਂ ਕਰਵਾਇਆ ਗਿਆ | ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਯੂ.ਟੀ. ਪੁਲਿਸ ਦੇ 80 ਕਰਮਚਾਰੀ ਤਾਇਨਾਤ ਕੀਤੇ ਗਏ, ਜਿਨ੍ਹਾਂ ਨੇ ਕੇਂਦਰਾਂ ਦੀ ਸੁਰੱਖਿਆ ਦਾ ਕੰਮ ਸੰਭਾਲਿਆ | ਪ੍ਰੀਖਿਆ ਦੌਰਾਨ ਸੀਲ ਪੈਕਟ ਖੋਲ੍ਹਣ, ਉਮੀਦਵਾਰਾਂ ਦੀ ਪਛਾਣ, ਬੱਚੇ ਹੋਏ ਪ੍ਰਸ਼ਨਪੱਤਰਾਂ ਦੀ ਸੀਲਿੰਗ ਤੇ ਵਰਤੇ ਗਏ ਉੱਤਰਪੱਤਰ ਇਕੱਠੇ ਕਰਨ ਦੀ ਪੂਰੀ ਕਾਰਵਾਈ ਦੀ ਵੀਡੀਓ ਰਿਕਾਰਡਿੰਗ ਵੀ ਕੀਤੀ ਗਈ |