ਐੱਸ. ਏ. ਐੱਸ. ਨਗਰ, 23 ਨਵੰਬਰ (ਤਰਵਿੰਦਰ ਸਿੰਘ ਬੈਨੀਪਾਲ)-ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟੱਰਸਟੀ ਡਾ. ਐਸ. ਪੀ. ਸਿੰਘ ਉਬਰਾਏ, ਡਾ. ਰਾਜ ਬਹਾਦਰ ਸਿੰਘ ਡਾਇਰੈਕਟਰ ਆਰ. ਐਸ. ਆਈ. ਸੈਂਟਰ ਮੁਹਾਲੀ, ਜਸਟਿਸ ਐਮ. ਐਮ. ਐਸ. ਬੇਦੀ ਸੇਵਾ ਮੁਕਤ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਲੋਂ ਟਰੱਸਟ ਵਲੋਂ ਬਣਾਏ ਗਏ 35 ਘਰ ਸਿੱਖ ਸਿਕਲੀਗਰ ਪਰਿਵਾਰਾਂ ਦੇ ਹਵਾਲੇ ਕੀਤੇ ਗਏ, ਜਦਕਿ ਜੁਝਾਰ ਨਗਰ ਪਿੰਡ ਵਿਚ ਹੀ ਕੁੱਲ 70 ਘਰ ਟਰੱਸਟ ਵਲੋਂ ਬਣਾਏ ਜਾ ਰਹੇ ਹਨ | ਇਸ ਮੌਕੇ ਡਾ. ਉਬਰਾਏ ਨੇ ਦੱਸਿਆ ਕਿ ਗੁਰੂ ਤੇਗ਼ ਬਹਾਦਰ ਜੀ ਦੀ 350ਵੀਂ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਸੰਨੀ ਉਬਰਾਏ ਆਵਾਸ ਯੋਜਨਾ ਦੇ ਤਹਿਤ ਪਿੰਡ ਜੁਝਾਰ ਨਗਰ ਵਿਖੇ ਟਰੱਸਟ ਵਲੋਂ ਸਿਕਲੀਗਰ ਬਿਰਾਦਰੀ ਦੇ ਲਈ 70 ਘਰ ਬਣਾਏ ਜਾ ਰਹੇ ਹਨ, ਜਿਨ੍ਹਾਂ 'ਚੋਂ 35 ਘਰ ਪਹਿਲੇ ਪੜਾਅ 'ਚ ਤਿਆਰ ਕਰਕੇ ਉਨ੍ਹਾਂ ਦੇ ਪਰਿਵਾਰਾਂ ਦੇ ਹਵਾਲੇ ਕਰ ਦਿੱਤੇ ਗਏ ਹਨ | ਡਾ. ਉਬਰਾਏ ਪਿੰਡ ਜੁਝਾਰ ਨਗਰ ਵਿਖੇ ਟਰੱਸਟ ਵਲੋਂ ਰੱਖੇ ਗਏ ਸਰਕਾਰੀ ਪ੍ਰਾਇਮਰੀ ਸਕੂਲ ਵਿਚ ਜ਼ਿਲ੍ਹਾ ਪ੍ਰਧਾਨ ਕੰਵਲਜੀਤ ਸਿੰਘ ਰੂਬੀ ਤੇ ਪਿੰਡ ਦੇ ਇਕਬਾਲ ਸਿੰਘ ਦੀ ਅਗਵਾਈ ਹੇਠ ਰੱਖੇ ਸਮਾਗਮ ਦੌਰਾਨ ਗੱਲਬਾਤ ਕਰ ਰਹੇ ਸਨ | ਇਸ ਮੌਕੇ ਉਨ੍ਹਾਂ ਪਿੰਡ ਵਾਸੀਆਂ ਦੀ ਮੰਗ 'ਤੇ ਪਿੰਡ ਜੁਝਾਰ ਨਗਰ ਵਿਖੇ ਲੋਕਾਂ ਦੀ ਸਿਹਤ ਸੰਬੰਧੀ ਜਾਂਚ ਤੇ ਟੈਸਟ ਕਰਵਾਉਣ ਦੇ ਲਈ ਲੈਬ ਖੋਲੇ੍ਹ ਜਾਣ ਦਾ ਐਲਾਨ ਕਰਦਿਆਂ ਕਿਹਾ ਕਿ ਇਸ ਲੈਬ ਵਿਚ ਨਾ-ਮਾਤਰ ਕੀਮਤ 'ਤੇ ਮਰੀਜ਼ਾਂ ਦੇ ਟੈਸਟ ਹੋਣਗੇ | ਉਨ੍ਹਾਂ ਕਿਹਾ ਕਿ ਹੁਣ ਤੱਕ 1450 ਜ਼ਰੂਰਤਮੰਦ ਲੋਕਾਂ ਨੂੰ ਮਕਾਨ ਬਣਾ ਕੇ ਦੇ ਚੁੱਕੇ ਹਨ ਅਤੇ 2023 'ਚ ਆਏ ਹੜ੍ਹਾਂ ਸਮੇਂ ਉਨ੍ਹਾਂ ਦੀਆਂ ਟੀਮਾਂ ਵਲੋਂ ਖ਼ਾਸ ਕਰਕੇ ਦੋਹਰੀ ਮਾਰ ਹੇਠ ਆਏ ਕਿਸਾਨਾਂ ਨੂੰ ਟਰੱਸਟ ਵਲੋਂ ਪਸ਼ੂਆਂ ਲਈ 1500 ਟਨ ਚਾਰਾ ਭੇਜਿਆ | ਇਸ ਤੋਂ ਇਲਾਵਾ ਜਿਹੜੀਆਂ ਧੀਆਂ ਦੇ ਵਿਆਹ ਪੱਕੇ ਕੀਤੇ ਹੋਏ ਸਨ ਅਤੇ ਉਨ੍ਹਾਂ ਨੇ ਆਪੋ ਉਨ੍ਹਾਂ ਦਾਜ ਦਾ ਸਾਮਾਨ ਵੀ ਖ਼ਰੀਦ ਰੱਖਿਆ ਸੀ ਤਾਂ ਅਜਿਹੇ ਵਿਆਹ ਦੀਆਂ ਦੁਬਾਰਾ ਤਰੀਕ ਰੱਖੀ ਜਾਵੇਗੀ ਅਤੇ ਲਗਪਗ 350 ਧੀਆਂ ਦੇ ਵਿਆਹ ਕਰਵਾਏ ਜਾਣਗੇ ਅਤੇ ਹਰੇਕ ਧੀ ਦੇ ਵਿਆਹ ਲਈ ਟਰੱਸਟ ਵਲੋਂ ਇਕ ਲੱਖ ਰੁਪਏ ਜ਼ਰੂਰੀ ਸਾਮਾਨ ਦੇ ਲਈ ਦਿੱਤਾ ਜਾਵੇਗਾ | ਇਨ੍ਹਾਂ ਵਿਚੋਂ 12 ਜ਼ਰੂਰਤਮੰਦ ਬੱਚਿਆਂ ਦੇ ਵਿਆਹ ਹੋ ਚੁੱਕੇ ਹਨ ਤੇ 23 ਵਿਆਹ ਇਸੇ ਮਹੀਨੇ 'ਚ ਹੋਰ ਹੋਣ ਜਾ ਰਹੇ ਹਨ | ਇਸ ਮੌਕੇ ਗ੍ਰਾਮ ਪੰਚਾਇਤ ਦੀ ਤਰਫ਼ੋਂ ਇਕਬਾਲ ਸਿੰਘ ਅਤੇ ਕੰਵਲਜੀਤ ਸਿੰਘ ਰੂਬੀ ਵਲੋਂ ਡਾ. ਐਸ. ਪੀ. ਸਿੰਘ ਉਬਰਾਏ, ਡਾ. ਰਾਜ ਬਹਾਦਰ, ਗੁਰਜੀਤ ਸਿੰਘ ਉਬਰਾਏ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ | ਇਸ ਮੌਕੇ ਪ੍ਰੇਮ ਸਿੰਘ ਢਿੱਲੋਂ, ਰਸ਼ਪਾਲ ਸਿੰਘ, ਮੱਖਣ ਸਿੰਘ, ਟਰੱਸਟ ਜਰਨਲ ਸਕੱਤਰ ਪ੍ਰੋ. ਤੇਜਿੰਦਰ ਸਿੰਘ ਬਰਾੜ, ਪ੍ਰੈੱਸ ਸਕੱਤਰ ਪ੍ਰਦੀਪ ਸਿੰਘ ਹੈਪੀ, ਬਲਜੀਤ ਸਿੰਘ ਕੈਲੋਂ, ਸ਼ਰਨਜੀਤ ਸਿੰਘ ਬੈਂਸ, ਬਾਬਾ ਕਸ਼ਮੀਰਾ ਸਿੰਘ, ਸੋਹਣ ਸਿੰਘ, ਪ੍ਰਤਾਪ ਸਿੰਘ, ਰਾਜ ਕੁਮਾਰੀ ਮੈਂਬਰ ਪੰਚਾਇਤ, ਦਰਸ਼ਨ ਮੰਦਰ ਕਮੇਟੀ, ਸੰਦੀਪ ਕੁਮਾਰ, ਜਸਕਰਨ ਸਿੰਘ ਵੀ ਹਾਜ਼ਰ ਸਨ |