ਐੱਸ. ਏ. ਐੱਸ. ਨਗਰ, 5 ਦਸੰਬਰ (ਤਰਵਿੰਦਰ ਸਿੰਘ ਬੈਨੀਪਾਲ)-ਨਗਰ ਨਿਗਮ ਦੀਆਂ ਸੀਮਾਵਾਂ ਦਾ ਵਿਸਥਾਰ ਕਰਨ ਦੇ ਫ਼ੈਸਲੇ ਤਹਿਤ ਬਿਨਾਂ ਸਹਿਮਤੀ ਤੋਂ 13 ਪਿੰਡਾਂ ਨੂੰ ਨਗਰ ਨਿਗਮ ਮੁਹਾਲੀ ਵਿਚ ਸ਼ਾਮਿਲ ਕਰਨ ਖ਼ਿਲਾਫ਼ ਇਨ੍ਹਾਂ ਪਿੰਡਾਂ ਦੀਆਂ ਪੰਚਾਇਤਾਂ ਵਲੋਂ ਪੰਜਾਬ ਸਰਕਾਰ ਨੂੰ 2 ਦਿਨਾਂ ਦਾ ਅਲਟੀਮੇਟਮ ਦਿੰਦਿਆਂ ਐਲਾਨ ਕੀਤਾ ਗਿਆ ਜੇਕਰ ਇਹ ਫ਼ੈਸਲਾ ਵਾਪਸ ਨਾ ਲਿਆ ਗਿਆ ਤਾਂ 10 ਦਸੰਬਰ ਨੂੰ ਏਅਰਪੋਰਟ ਰੋਡ ਜਾਮ ਕੀਤੀ ਜਾਵੇਗੀ | ਇਨ੍ਹਾਂ ਪਿੰਡਾਂ ਦੀਆਂ ਪੰਚਾਇਤਾਂ ਦੇ ਨੁਮਾਇੰਦਿਆਂ ਵਲੋਂ ਪਿੰਡ ਮੌਲੀ ਬੈਦਵਾਣ ਵਿਖੇ ਸੱਦੇ ਗਏ ਪੱਤਰਕਾਰ ਸੰਮੇਲਨ ਦੌਰਾਨ ਕਿਹਾ ਗਿਆ ਕਿ ਉਹ ਭਾਵੇਂ ਆਮ ਆਦਮੀ ਪਾਰਟੀ ਨਾਲ ਸੰਬੰਧਤ ਹਨ, ਪਰ ਪੰਜਾਬ ਸਰਕਾਰ ਵਲੋਂ ਪੰਚਾਇਤਾਂ ਨਾਲ ਸਲਾਹ-ਮਸ਼ਵਰਾ ਕਰੇ ਬਗ਼ੈਰ ਹੀ ਬਿਨਾਂ ਪਿੰਡਾਂ ਨੂੰ ਨਗਰ ਨਿਗਮ ਮੁਹਾਲੀ ਵਿਚ ਸ਼ਾਮਿਲ ਕਰਨ ਦਾ ਫ਼ੈਸਲਾ ਲਿਆ ਗਿਆ ਹੈ, ਜੋ ਕਿ ਉਨ੍ਹਾਂ ਨੂੰ ਮਨਜ਼ੂਰ ਨਹੀਂ ਹੈ | ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੋਟੀਫਿਕੇਸ਼ਨ ਵਾਪਸ ਨਹੀਂ ਲੈਂਦੀ ਹੈ ਤਾਂ ਉਹ ਅਦਾਲਤ ਦਾ ਦਰਵਾਜਾ ਖੜਕਾਉਣ ਤੋਂ ਇਲਾਵਾ 10 ਦਸੰਬਰ ਨੂੰ ਹਲਕੇ ਦੇ ਸਾਰੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਨਾਲ ਲੈ ਕੇ ਏਅਰਪੋਰਟ ਰੋਡ ਨੂੰ ਜਾਮ ਕਰਨਗੇ | ਉਨ੍ਹਾਂ ਕਿਹਾ ਕਿ ਨਗਰ ਨਿਗਮ ਵਿਚ ਸ਼ਾਮਿਲ ਕਰਨ ਨਾਲ ਪਿੰਡਾਂ 'ਤੇ ਬੇਲੋੜੇ ਟੈਕਸਾਂ ਦਾ ਬੋਝ ਪਵੇਗਾ ਅਤੇ ਪੇਂਡੂ ਬੁਨਿਆਦੀ ਢਾਂਚੇ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਜਾਵੇਗਾ | ਪੰਚਾਇਤੀ ਨੁਮਾਇੰਦਿਆਂ ਨੇ ਕਿਹਾ ਕਿ ਵਿਕਾਸ ਦੇ ਨਾਂਅ 'ਤੇ ਪਿੰਡਾਂ ਦੀਆਂ ਜ਼ਮੀਨਾਂ ਤੇ ਅਧਿਕਾਰ ਖੋਹੇ ਜਾ ਰਹੇ ਹਨ | ਜੇਕਰ ਪਿੰਡਾਂ ਨੂੰ ਨਗਰ ਨਿਗਮ 'ਚ ਸ਼ਾਮਿਲ ਕੀਤਾ ਜਾਂਦਾ ਹੈ ਤਾਂ ਹਾਊਸ ਟੈਕਸ, ਪਾਣੀ, ਸੀਵਰੇਜ, ਲਾਈਟਾਂ ਤੇ ਸਫ਼ਾਈ ਦੇ ਟੈਕਸ ਦਾ ਬੋਝ ਸਿੱਧਾ ਪਿੰਡ ਵਾਸੀਆਂ ਦੀਆਂ ਜੇਬਾਂ 'ਤੇ ਪਵੇਗਾ, ਜਦ ਕਿ ਹੁਣ ਤੱਕ ਪੰਚਾਇਤਾਂ ਵਲੋਂ ਦਿੱਤੀਆਂ ਜਾਂਦੀਆਂ ਉਕਤ ਸੇਵਾਵਾਂ ਮੁਫ਼ਤ ਜਾਂ ਬਹੁਤ ਘੱਟ ਕੀਮਤ 'ਤੇ ਮੁਹੱਈਆ ਕਰਵਾਈਆਂ ਜਾਂਦੀਆਂ ਸਨ | ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਿੰਡਾਂ ਦੇ ਲੋਕ ਡੇਅਰੀ ਫਾਰਮਿੰਗ ਰਾਹੀਂ ਆਪਣੇ ਘਰ ਚਲਾਉਂਦੇ ਹਨ, ਪਰ ਪਿੰਡਾਂ ਦੇ ਨਗਰ ਨਿਗਮ ਖੇਤਰ ਵਿਚ ਸ਼ਾਮਿਲ ਹੋਣ ਤੋਂ ਬਾਅਦ ਪਸ਼ੂ ਰੱਖਣ 'ਤੇ ਰੋਕ ਲੱਗ ਜਾਵੇਗੀ | ਉਨ੍ਹਾ ਕਿਹਾ ਕਿ ਸਰਕਾਰ ਉਨ੍ਹਾਂ ਦੇ ਪਿੰਡਾਂ ਨੂੰ ਆਪਣੇ ਨਾਲ ਜੋੜ ਕੇ ਪਿੰਡਾਂ ਦੀਆਂ ਕਰੋੜਾਂ ਰੁ. ਦੀਆਂ ਸ਼ਾਮਲਾਤ ਜ਼ਮੀਨਾਂ 'ਤੇ ਕਬਜ਼ਾ ਕਰਨਾ ਚਾਹੁੰਦੀ ਹੈ | ਉਨ੍ਹਾਂ ਕਿਹਾ ਕਿ ਇਸ ਮਸਲੇ ਨੂੰ ਲੈ ਕੇ ਉਹ ਹਲਕਾ ਵਿਧਾਇਕ ਕੁਲਵੰਤ ਸਿੰਘ ਨੂੰ ਮਿਲੇ ਹਨ, ਜਿਨ੍ਹਾਂ ਭਰੋਸਾ ਦਿਵਾਇਆ ਹੈ ਕਿ 2 ਦਿਨਾਂ ਦੇ ਅੰਦਰ-ਅੰਦਰ ਮਸਲੇ ਨੂੰ ਹੱਲ ਕਰਵਾ ਦਿੱਤਾ ਜਾਵੇਗਾ | ਇਸ ਮੌਕੇ ਮੌਲੀ ਬੈਦਵਾਣ, ਸੰਭਾਲਕੀ, ਬੱਲੋਮਾਜਰਾ, ਨਾਨੂੰਮਾਜਰਾ, ਬਲੌਂਗੀ, ਚੱਪੜਚਿੜੀ ਕਲਾਂ, ਚਿੱਲ੍ਹਾ, ਰੁੜਕਾ, ਚੱਪੜਚਿੜੀ ਖੁਰਦ, ਲਾਂਡਰਾਂ, ਕੰਬਾਲਾ ਤੇ ਲਖਨੌਰ ਆਦਿ ਪਿੰਡਾਂ ਦੇ ਸਰਪੰਚ ਤੇ ਹੋਰ ਪੰਚਾਇਤੀ ਨੁਮਾਇੰਦੇ ਹਾਜ਼ਰ ਸਨ |