ਜ਼ੀਰਕਪੁਰ, 7 ਦਸੰਬਰ (ਮਨਿੰਦਰ ਸਿੰਘ)-ਜ਼ੀਰਕਪੁਰ ਪੁਲਿਸ ਨੇ ਇਕ ਮਹਿਲਾ ਕਾਂਸਟੇਬਲ ਦੀ ਸ਼ਿਕਾਇਤ 'ਤੇ ਉਸ ਦੀ ਸੋਨੇ ਦੀ ਚੇਨ ਝਪਟਣ ਵਾਲੇ ਅਣਪਛਾਤੇ ਮੋਟਰਸਾਈਕਲ ਸਵਾਰ ਵਿਰੁੱਧ ਬੀ. ਐਨ. ਐਸ. ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ | ਪੁਲਿਸ ਨੂੰ ਦਿੱਤੇ ਆਪਣੇ ਬਿਆਨ 'ਚ ਅੰਜੂ ਵਾਸੀ ਸੈਣੀ ਵਿਹਾਰ ਫੇਜ਼ 5 ਜ਼ੀਰਕਪੁਰ ਨੇ ਦੱਸਿਆ ਕਿ ਉਹ ਚੰਡੀਗੜ੍ਹ ਪੁਲਿਸ 'ਚ ਕਾਂਸਟੇਬਲ ਵਜੋਂ ਤਾਇਨਾਤ ਹੈ ਤੇ 2 ਦਸੰਬਰ ਨੂੰ ਸ਼ਾਮ 7:30 ਵਜੇ ਦੇ ਕਰੀਬ ਉਹ ਬਾਜ਼ਾਰ ਜਾ ਰਹੀ ਸੀ | ਇਸ ਦੌਰਾਨ ਜਿਵੇਂ ਹੀ ਉਹ ਘਰ ਨੰ. 535 ਦੇ ਨੇੜੇ ਪਹੁੰਚੀ ਤਾਂ ਅਚਾਨਕ ਇਕ ਮੋਟਰਸਾਈਕਲ ਸਵਾਰ ਪਿੱਛੇ ਤੋਂ ਆਇਆ ਤੇ ਉਸ ਦੇ ਗਲੇ 'ਚੋਂ ਢਾਈ ਤੋਲੇ ਦੀ ਸੋਨੇ ਦੀ ਚੇਨ ਝਪਟ ਕੇ ਫ਼ਰਾਰ ਹੋ ਗਿਆ | ਅੰਜੂ ਨੇ ਕਿਹਾ ਕਿ ਘਟਨਾ ਦੇ ਸਮੇਂ ਗਲੀ 'ਚ ਹਨੇਰਾ ਹੋਣ ਕਾਰਨ ਉਹ ਮੋਟਰਸਾਈਕਲ ਦਾ ਨੰਬਰ ਪੜ੍ਹ ਜਾਂ ਪਛਾਣ ਨਹੀਂ ਸਕੀ, ਜਦਕਿ ਮੁਲਜ਼ਮ ਨੇ ਹੈਲਮੇਟ ਤੇ ਕਰੀਮ ਰੰਗ ਦੀ ਜੈਕੇਟ ਪਾਈ ਹੋਈ ਸੀ | ਉਸ ਨੇ ਕਿਹਾ ਕਿ ਉਹ ਮੁਲਜ਼ਮ ਦਾ ਚਿਹਰਾ ਪਛਾਣਦੀ ਹੈ ਤੇ ਜੇਕਰ ਉਹ ਦਿਖਾਈ ਦਿੰਦਾ ਹੈ ਤਾਂ ਉਸ ਨੂੰ ਪਛਾਣ ਸਕੇਗੀ | ਪੀੜਤ ਔਰਤ ਨੇ ਪਹਿਲਾਂ ਤਾਂ ਆਪਣੇ ਆਪ ਸੁਰਾਗ ਲੱਭਣ ਦੀ ਕੋਸ਼ਿਸ਼ ਕੀਤੀ, ਪਰ ਜਦੋਂ ਉਹ ਅਸਫਲ ਰਹੀ ਤਾਂ ਉਸ ਨੇ ਪੁਲਿਸ ਥਾਣੇ ਵਿਚ ਆਪਣਾ ਬਿਆਨ ਦਰਜ ਕਰਵਾਇਆ | ਪੁਲਿਸ ਨੇ ਘਟਨਾ ਸਥਾਨ ਦਾ ਦੌਰਾ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ | ਪੁਲਿਸ ਮੁਲਜ਼ਮ ਦੀ ਭਾਲ ਲਈ ਇਲਾਕੇ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਜਾਂਚ ਵੀ ਕਰ ਰਹੀ ਹੈ |