ਐੱਸ. ਏ. ਐੱਸ. ਨਗਰ, 7 ਦਸੰਬਰ (ਪ੍ਰੋ. ਅਵਤਾਰ ਸਿੰਘ)-ਪੰਜਾਬ ਰੈਜ਼ੀਮੈਂਟ ਦੀ 23 ਪੰਜਾਬ ਲੌਂਗੇਵਾਲਾ ਬਟਾਲੀਅਨ ਦੇ ਸੇਵਾ-ਮੁਕਤ ਜਵਾਨਾਂ ਵਲੋਂ 54ਵਾਂ ਬੈਟਲ ਆਫ਼ ਲੌਂਗੇਵਾਲ ਡੇ ਮਨਾਇਆ | ਇਸ ਮੌਕੇ ਉਕਤ ਲੜਾਈ ਦੇ ਹੀਰੋ ਕਰਨਲ ਹਰਚਰਨ ਸਿੰਘ, ਮੇਜਰ ਵਰਿੰਦਰਜੀਤ ਸਿੰਘ ਹੀਰਾ ਤੇ ਹੌਲਦਾਰ ਕਲਰਕ ਮੁਖਤਿਆਰ ਨੇ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ, ਜਦਕਿ ਕੈਪਟਨ ਜਸਵੀਰ ਸਿੰਘ ਹੁੰਦਲ, ਸੂਬੇਦਾਰ ਕਰਨੈਲ ਸਿੰਘ, ਸੂਬੇਦਾਰ ਪਰਮਜੀਤ ਸਿੰਘ, ਸੂਬੇਦਾਰ ਬਲਵਿੰਦਰ ਸਿੰਘ, ਸੂਬੇਦਾਰ ਅਵਤਾਰ ਸਿੰਘ, ਹੌਲਦਾਰ ਹਰਜਿੰਦਰ ਸਿੰਘ ਤੇ ਹੌਲਦਾਰ ਬੀਰਪਾਲ ਸਿੰਘ ਸਮੇਤ ਵੱਡੀ ਗਿਣਤੀ ਜਵਾਨਾਂ ਵਲੋਂ ਉਚੇਚੇ ਤੌਰ 'ਤੇ ਹਾਜ਼ਰੀ ਲੁਆਈ ਗਈ | ਇਸ ਮੌਕੇ ਕਰਨਲ ਹਰਚਰਨ ਸਿੰਘ, ਮੇਜਰ ਵਰਿੰਦਰਜੀਤ ਸਿੰਘ ਹੀਰਾ ਅਤੇ ਹੌਲਦਾਰ ਕਲਰਕ ਮੁਖਤਿਆਰ ਸਿੰਘ ਵਲੋਂ ਲੜਾਈ ਦਾ ਸੰਖੇਪ 'ਚ ਇਤਿਹਾਸ ਸੁਣਾਇਆ ਅਤੇ ਲੜਾਈ ਦੌਰਾਨ ਸ਼ਹੀਦ ਹੋਏ ਜਵਾਨਾਂ ਨੂੰ ਦੋ ਮਿੰਟ ਦਾ ਮੋਨ ਧਾਰਨ ਕਰਕੇ ਸ਼ਰਧਾਂਜਲੀ ਭੇਟ ਕੀਤੀ ਗਈ | ਇਸ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਸ਼ਹੀਦ ਸੂਬੇਦਾਰ ਜੋਗਾ ਸਿੰਘ ਵੜੈਚ ਦੀ ਧਰਮ ਪਤਨੀ ਜਸਵਿੰਦਰ ਕੌਰ ਤੇ ਸ਼ਹੀਦ ਹੌਲਦਾਰ ਬਲਜੀਤ ਸਿੰਘ ਦੇ ਪਿਤਾ ਸੰਪੂਰਨ ਸਿੰਘ ਨੂੰ ਉਚੇਚੇ ਤੌਰ 'ਤੇ ਸਨਮਾਨਿਤ ਕੀਤਾ | ਇਸੇ ਦੌਰਾਨ ਕਰਨਲ ਹਰਚਰਨ ਸਿੰਘ, ਮੇਜਰ ਵਰਿੰਦਰਜੀਤ ਸਿੰਘ ਹੀਰਾ ਤੇ ਹੌਲਦਾਰ ਕਲਰਕ ਮੁਖਤਿਆਰ ਸਿੰਘ ਦਾ ਵੀ ਵਿਸ਼ੇਸ਼ ਸਨਮਾਨ ਕੀਤਾ | ਅੰਤ 'ਚ ਗਰੁੱਪ ਫੋਟੋ ਉਪਰੰਤ ਸਾਰਿਆਂ ਲਈ ਖਾਣੇ ਦਾ ਪ੍ਰਬੰਧ ਕੀਤਾ |