ਐੱਸ. ਏ. ਐੱਸ. ਨਗਰ, 17 ਦਸੰਬਰ (ਪ੍ਰੋ. ਅਵਤਾਰ ਸਿੰਘ)-ਦੁੱਧ ਅਤੇ ਪਨੀਰ ਵਰਗੀਆਂ ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ 'ਚ ਮਿਲਾਵਟ ਹੁਣ ਸਿਰਫ਼ ਧੋਖਾਧੜੀ ਹੀਨਹੀਂ ਰਹੀ, ਸਗੋਂ ਲੋਕਾਂ ਦੀ ਜ਼ਿੰਦਗੀ ਨਾਲ ਸਿੱਧੇ ਤੌਰ 'ਤੇ ਖਿਲਵਾੜ ਬਣ ਚੁੱਕੀ ਹੈ | ਬੀਤੇ ਦਿਨੀਂ ਲੋਕ ਸਭਾ 'ਚ ਪੇਸ਼ ਹੋਈ ਰਿਪੋਰਟ 'ਚ ਪੰਜਾਬ ਦੀ ਹਾਲਤ ਨੂੰ ਲੈ ਕੇ ਸਾਹਮਣੇ ਆਏ ਤੱਥਾਂ ਨੇ ਲੋਕਾਂ ਦੀ ਚਿੰਤਾ ਹੋਰ ਵਧਾ ਦਿੱਤੀ ਹੈ | ਖ਼ਾਸ ਕਰਕੇ ਤੇਜ਼ੀ ਨਾਲ ਫੈਲ ਰਹੇ ਸ਼ਹਿਰ ਮੁਹਾਲੀ 'ਚ ਨਕਲੀ ਦੁੱਧ ਅਤੇ ਕੈਮੀਕਲ-ਯੁਕਤ ਪਨੀਰ ਦੀ ਬੇਤਹਾਸ਼ਾ ਵਿਕਰੀ ਲੋਕਾਂ ਨੂੰ ਗੰਭੀਰ ਬਿਮਾਰੀਆਂ ਵੱਲ ਧੱਕ ਰਹੀ ਹੈ | ਇਸ ਮਸਲੇ ਬਾਬਤ ਮੁਹਾਲੀ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਮੁੱਖ ਮੰਤਰੀ ਪੰਜਾਬ ਨੂੰ ਪੱਤਰ ਲਿਖ ਕੇ ਸ਼ਹਿਰ 'ਚ ਵਿਕ ਰਹੇ ਨਕਲੀ ਦੁੱਧ ਅਤੇ ਪਨੀਰ 'ਤੇ ਗੰਭੀਰ ਚਿੰਤਾ ਪ੍ਰਗਟਾਈ ਹੈ | ਉਨ੍ਹਾਂ ਕਿਹਾ ਕਿ ਮੁਹਾਲੀ ਦੀ ਆਬਾਦੀ ਤੇਜ਼ੀ ਨਾਲ ਵੱਧ ਰਹੀ ਹੈ, ਪਰ ਇਸ ਅਨੁਪਾਤ 'ਚ ਦੁੱਧ ਦੀ ਪੈਦਾਵਾਰ 'ਚ ਵਾਧਾ ਨਹੀਂ ਹੋ ਰਿਹਾ, ਪਰ ਫ਼ਿਰ ਵੀ ਹਰ ਗਲੀ-ਮੁਹੱਲੇ 'ਚ ਦੁੱਧ ਅਤੇ ਪਨੀਰ ਨਾਲ ਬਣੀਆਂ ਚੀਜ਼ਾਂ ਸ਼ਰ੍ਹੇਆਮ ਵਿਕ ਰਹੀਆਂ ਹਨ, ਜੋ ਕਿ ਆਪਣੇ ਆਪ 'ਚ ਵੱਡਾ ਸਵਾਲ ਖੜ੍ਹਾ ਕਰਦੀਆਂ ਹਨ | ਉਨ੍ਹਾਂ ਦੱਸਿਆ ਕਿ ਪਿੰਡਾਂ ਸਮੇਤ ਆਲੇ-ਦੁਆਲੇ ਦੇ ਇਲਾਕਿਆਂ 'ਚ ਪਸ਼ੂਆਂ ਦੀ ਗਿਣਤੀ ਕਾਫ਼ੀ ਘਟ ਚੁੱਕੀ ਹੈ ਅਤੇ ਅਜਿਹੇ 'ਚ ਸਵਾਲ ਪੈਦਾ ਹੁੰਦਾ ਹੈ ਕਿ ਇੰਨੀ ਵੱਡੀ ਮਾਤਰਾ 'ਚ ਦੁੱਧ ਤੇ ਪਨੀਰ ਆਿਖ਼ਰ ਕਿੱਥੋਂ ਆ ਰਿਹਾ ਹੈ | ਉਨ੍ਹਾਂ ਕਿਹਾ ਕਿ ਨਾ ਤਾਂ ਸਰਕਾਰ ਕੋਲ ਇਸ ਦਾ ਕੋਈ ਸਪੱਸ਼ਟ ਡਾਟਾ ਹੈ ਅਤੇ ਨਾ ਹੀ ਲੋਕਾਂ ਨੂੰ ਸਹੀ ਜਾਣਕਾਰੀ ਮਿਲ ਰਹੀ ਹੈ, ਜਿਸ ਦਾ ਨਤੀਜਾ ਇਹ ਹੈ ਕਿ ਲੋਕ ਬਿਮਾਰੀਆਂ ਦੀ ਚਪੇਟ 'ਚ ਆ ਰਹੇ ਹਨ ਅਤੇ ਸਿਹਤ 'ਤੇ ਵਾਧੂ ਖ਼ਰਚਾ ਕਰਨ ਲਈ ਮਜ਼ਬੂਰ ਹੋ ਰਹੇ ਹਨ | ਡਿਪਟੀ ਮੇਅਰ ਬੇਦੀ ਨੇ ਮੰਗ ਕੀਤੀ ਕਿ ਫ਼ੂਡ ਸੇਫ਼ਟੀ ਵਿਭਾਗ 'ਚ ਕਰਮਚਾਰੀਆਂ ਦੀ ਗਿਣਤੀ ਵਧਾਈ ਜਾਵੇ ਅਤੇ ਹਰ ਮਹੀਨੇ ਨਿਯਮਿਤ ਤੌਰ 'ਤੇ ਦੁੱਧ ਤੇ ਪਨੀਰ ਦੀ ਸੈਂਪਲਿੰਗ ਕੀਤੀ ਜਾਵੇ | ਉਨ੍ਹਾਂ ਕਿਹਾ ਕਿ ਜਿਥੇ ਲੋਕਾਂ ਦਾ ਪਹਿਲਾਂ ਵੱਡਾ ਖ਼ਰਚਾ ਖਾਣ-ਪੀਣ 'ਤੇ ਹੁੰਦਾ ਸੀ, ਹੁਣ ਉਹੀ ਖ਼ਰਚਾ ਲੋਕ ਦਵਾਈਆਂ 'ਤੇ ਕਰਨ ਲਈ ਮਜ਼ਬੂਰ ਹਨ | ਖ਼ਾਸ ਕਰਕੇ ਬਜ਼ੁਰਗ ਅਤੇ ਛੋਟੇ ਬੱਚੇ ਇਸ ਜ਼ਹਿਰੀਲੇ ਦੁੱਧ-ਪਨੀਰ ਕਾਰਨ ਗੰਭੀਰ ਰੋਗਾਂ ਦਾ ਸ਼ਿਕਾਰ ਹੋ ਰਹੇ ਹਨ | ਡਿਪਟੀ ਮੇਅਰ ਬੇਦੀ ਨੇ ਸਖ਼ਤ ਸ਼ਬਦਾਂ 'ਚ ਕਿਹਾ ਕਿ ਨਕਲੀ ਦੁੱਧ ਅਤੇ ਕੈਮੀਕਲ-ਯੁਕਤ ਪਨੀਰ ਵੇਚਣ ਵਾਲੇ ਲੋਕਾਂ ਦੇ ਖ਼ਿਲਾਫ਼ ਕਤਲ ਵਰਗੀਆਂ ਧਾਰਾਵਾਂ ਅਧੀਨ ਮਾਮਲੇ ਦਰਜ ਹੋਣੇ ਚਾਹੀਦੇ ਹਨ | ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਲੋਕਾਂ ਦੀ ਸਿਹਤ ਦੀ ਜ਼ਿੰਮੇਵਾਰੀ ਸਰਕਾਰ ਦੀ ਹੈ ਅਤੇ ਇਸ ਮਾਫ਼ੀਆ ਖ਼ਿਲਾਫ਼ ਬਿਨਾਂ ਦੇਰੀ ਤੋਂ ਸਖ਼ਤ ਕਦਮ ਚੁੱਕੇ ਜਾਣੇ ਲਾਜ਼ਮੀ ਹਨ ਤਾਂ ਜੋ ਸ਼ਹਿਰ ਵਾਸੀਆਂ ਨੂੰ ਸੁਰੱਖਿਅਤ ਅਤੇ ਸ਼ੁੱਧ ਖੁਰਾਕੀ ਉਤਪਾਦ ਮਿਲ ਸਕਣ |