ਲਾਲੜੂ, 19 ਦਸੰਬਰ (ਰਾਜਬੀਰ ਸਿੰਘ)-ਮੁਹਾਲੀ ਵਿਖੇ ਕਬੱਡੀ ਖਿਡਾਰੀ ਤੇ ਪ੍ਰਮੋਟਰ ਕੰਵਰ ਦਿਗਵਿਜੈ ਸਿੰਘ ਉਰਫ਼ ਰਾਣਾ ਬਲਾਚੌਰੀਆ ਦੇ ਕਤਲ ਮਾਮਲੇ 'ਚ ਨਾਮਜ਼ਦ ਇਕ ਮੁਲਜ਼ਮ ਦੀ ਪੁਲਿਸ ਮੁਕਾਬਲੇ 'ਚ ਹੋਈ ਮੌਤ ਤੋਂ ਬਾਅਦ ਇਸ ਮਾਮਲੇ ਦੀ ਮੈਜਿਸਟ੍ਰੇਟ ਜਾਂਚ ਸੁਰੂ ਕਰ ਦਿੱਤੀ ਗਈ ਹੈ | ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਦੇ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਸਥਾਨਕ ਪ੍ਰਸ਼ਾਸਨ ਨੇ ਮਿ੍ਤਕ ਗੈਂਗਸਟਰ ਦੀ ਪੋਸਟਮਾਰਟਮ ਤੱਕ ਦੀ ਵਿਸਤਿ੍ਤ ਰਿਪੋਰਟ ਤਿਆਰ ਕਰਨੀ ਸ਼ੁਰੂ ਕਰ ਦਿੱਤੀ ਹੈ | ਇਹ ਰਿਪੋਰਟ ਡੀ. ਸੀ. ਮੁਹਾਲੀ ਦੇ ਨਿਰਦੇਸ਼ਾਂ 'ਤੇ ਡੇਰਾਬੱਸੀ ਦੇ ਐੱਸ. ਡੀ. ਐੱਮ. ਅਮਿਤ ਗੁਪਤਾ ਦੀ ਅਗਵਾਈ 'ਚ ਤਿਆਰ ਕੀਤੀ ਜਾ ਰਹੀ ਹੈ | 24 ਸਾਲਾ ਹਰਪਿੰਦਰ ਸਿੰਘ ਵਾਸੀ ਨੌਸ਼ਹਿਰਾ ਪੰਨੂਆਂ (ਤਰਨਤਾਰਨ) ਨੂੰ ਜ਼ਿਲ੍ਹਾ ਪੁਲਿਸ ਨੇ ਬੁੱਧਵਾਰ ਦੁਪਹਿਰ ਨੂੰ ਅੰਬਾਲਾ-ਚੰਡੀਗੜ੍ਹ ਕੌਮੀ ਮਾਰਗ 'ਤੇ ਲੈਹਲੀ ਨੇੜੇ ਮੁੱਠਭੇੜ 'ਚ ਮਾਰ ਦਿੱਤਾ ਸੀ | ਉਸ ਦੇ ਪੇਟ ਤੇ ਛਾਤੀ 'ਚ 5 ਗੋਲੀਆਂ ਲੱਗੀਆਂ ਸਨ ਅਤੇ ਡੇਰਾਬੱਸੀ ਦੇ ਸਿਵਲ ਹਸਪਤਾਲ ਵਿਖੇ ਪਹੁੰਚਾਉਣ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਗਈ ਸੀ | ਹਾਲਾਂਕਿ ਲਾਲੜੂ ਪੁਲਿਸ ਨੇ ਇਸ ਬਾਬਤ ਮਿ੍ਤਕ ਗੈਂਗਸਟਰ ਦੇ ਖ਼ਿਲਾਫ਼ ਪੁਲਿਸ 'ਤੇ ਜਾਨਲੇਵਾ ਹਮਲਾ ਕਰਨਾ ਤੇ ਆਰਮਡ ਐਕਟ ਦੇ ਤਹਿਤ ਐਫ. ਆਈ. ਆਰ. ਨੰ. 209 ਵੀ ਦਰਜ ਕੀਤੀ ਹੈ, ਪਰ ਰਾਜ ਸਰਕਾਰਾਂ ਤੇ ਪੁਲਿਸ ਵਲੋਂ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਹਰ ਮੁਕਾਬਲੇ 'ਚ ਮੌਤ ਦੀ ਸੂਚਨਾ 48 ਘੰਟਿਆਂ ਦੇ ਅੰਦਰ ਦੇਣੀ ਹੁੰਦੀ ਹੈ | ਕਮਿਸ਼ਨ ਨੂੰ ਇਹ ਯਕੀਨੀ ਬਣਾਉਣਾ ਪਵੇਗਾ ਕਿ ਪੁਲਿਸ ਕਾਰਵਾਈ ਦੌਰਾਨ ਕਿਸੇ ਵੀ ਵਿਅਕਤੀ ਦੇ ਜੀਵਨ ਦੇ ਅਧਿਕਾਰ ਦੀ ਉਲੰਘਣਾ ਨਾ ਹੋਵੇ ਤੇ ਸਾਰੇ ਮਾਮਲਿਆਂ ਦੀ ਨਿਰਪੱਖਤਾ ਨਾਲ ਜਾਂਚ ਕੀਤੀ ਜਾਵੇ | ਡੀ. ਸੀ. ਦੇ ਨਿਰਦੇਸ਼ਾਂ 'ਤੇ ਇਸ ਮਾਮਲੇ ਦੀ ਮੈਜਿਸਟ੍ਰੇਟ ਜਾਂਚ ਡੇਰਾਬੱਸੀ ਦੇ ਐੱਸ. ਡੀ. ਐੱਮ. ਅਮਿਤ ਗੁਪਤਾ ਦੀ ਦੇਖ-ਰੇਖ ਹੇਠ ਵੀਰਵਾਰ ਨੂੰ ਹੀ ਸ਼ੁਰੂ ਕਰ ਦਿੱਤੀ ਗਈ ਸੀ | ਉਨ੍ਹਾਂ ਦੀ ਦੇਖ-ਰੇਖ 'ਚ 3 ਡਾਕਟਰਾਂ ਦੇ ਬੋਰਡ ਦਾ ਗਠਨ ਕਰਕੇ ਪੋਸਟਮਾਰਟਮ ਦੀ ਪ੍ਰਕਿਰਿਆ ਨੂੰ ਅੰਜਾਮ ਦਿੱਤਾ ਗਿਆ ਸੀ | ਵੀਰਵਾਰ ਨੂੰ ਹੀ ਐੱਸ. ਡੀ. ਐੱਮ. ਨੇ ਕਰਾਸ ਫਾਈਰਿੰਗ 'ਚ ਜ਼ਖ਼ਮੀ ਹੋਏ ਪੁਲਿਸ ਹੈੱਡ ਕਾਂਸਟੇਬਲ ਗੁਲਾਬ ਸਿੰਘ ਤੇ ਦੂਜੇ ਕੁਮਾਰ ਸ਼ਰਮਾ ਨਾਲ ਵੀ ਗੱਲਬਾਤ ਕਰਕੇ ਮਾਮਲੇ ਸੰਬੰਧੀ ਜਾਣਕਾਰੀ ਹਾਸਿਲ ਕੀਤੀ ਸੀ | ਸ਼ੁੱਕਰਵਾਰ ਨੂੰ ਥਾਣਾ ਮੁਖੀ ਇੰਸਪੈਕਟਰ ਰਣਬੀਰ ਸਿੰਘ ਸਮੇਤ ਪੁਲਿਸ ਟੀਮ ਨੂੰ ਨਾਲ ਲੈ ਕੇ ਉਨ੍ਹਾਂ ਐਨਕਾਊਾਟਰ ਵਾਲੀ ਥਾਂ ਦਾ ਦੌਰਾ ਕੀਤਾ | ਐੱਸ. ਡੀ. ਐੱਮ. ਨੇ ਉਥੇ ਕਰੀਬ 1 ਘੰਟਾ ਬਤੀਤ ਕਰਦਿਆਂ ਪਤਾ ਲਗਾਇਆ ਕਿ ਗੈਂਗਸਟਰ ਹਰਪਿੰਦਰ ਸਿੰਘ ਕਿਥੇ ਲੁੱਕਿਆ ਹੋਇਆ ਸੀ | ਇਨ੍ਹਾਂ ਸਾਰੇ ਪਹਿਲੂਆਂ 'ਤੇ ਇਕ ਵਿਸਤਿ੍ਤ ਰਿਪੋਰਟ ਤਿਆਰ ਕੀਤੀ ਜਾ ਰਹੀ ਹੈ ਤੇ ਜਾਂਚ ਦੇ ਕਈ ਹੋਰ ਪਹਿਲੂ ਅਜੇ ਵੀ ਬਾਕੀ ਹਨ | ਹਾਲਾਂਕਿ ਐੱਸ. ਡੀ. ਐੱਮ. ਨੇ ਇਸ ਬਾਬਤ ਕੁਝ ਨਹੀਂ ਦੱਸਿਆ ਅਤੇ ਸਿਰਫ਼ ਇੰਨਾ ਹੀ ਕਿਹਾ ਕਿ ਉਹ ਆਪਣੀ ਰਿਪੋਰਟ ਤਿਆਰ ਕਰਕੇ ਜਲਦ ਹੀ ਡੀ. ਸੀ. ਮੁਹਾਲੀ ਨੂੰ ਸੌਂਪਣਗੇ | ਦੱਸਣਯੋਗ ਹੈ ਕਿ ਵੀਰਵਾਰ ਸ਼ਾਮ ਨੂੰ ਪੋਸਟਮਾਰਟਮ ਤੋਂ ਬਾਅਦ ਹਰਪਿੰਦਰ ਸਿੰਘ ਦੀ ਲਾਸ਼ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤੀ ਗਈ ਸੀ |