ਐੱਸ. ਏ. ਐੱਸ. ਨਗਰ, 22 ਦਸੰਬਰ (ਕਪਿਲ ਵਧਵਾ)-ਕਬੱਡੀ ਖਿਡਾਰੀ ਤੇ ਪ੍ਰਮੋਟਰ ਕੰਵਰ ਦਿਗਵਿਜੈ ਸਿੰਘ ਉਰਫ਼ ਰਾਣਾ ਬਲਾਚੌਰੀਆ ਦੇ ਕਤਲ ਵਾਲੀ ਰਾਤ ਉਸ ਦਾ ਕੀਮਤੀ ਸਾਮਾਨ ਤੇ ਲਾਇਸੰਸੀ ਹਥਿਆਰ ਚੋਰੀ ਹੋਣ ਦੇ ਮਾਮਲੇ 'ਚ ਪੁਲਿਸ ਨੇ ਵੱਖਰੀ ਨਿਯਮਤ ਐਫ. ਆਈ. ਆਰ. ਦਰਜ ਕੀਤੀ ਹੈ | ਇਹ ਮਾਮਲਾ ਥਾਣਾ ਸੋਹਾਣਾ 'ਚ ਮਿ੍ਤਕ ਦੇ ਪਿਤਾ ਕੰਵਰ ਰਾਜੀਵ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਣਪਛਾਤੇ ਵਿਅਕਤੀ/ਵਿਅਕਤੀਆਂ ਖ਼ਿਲਾਫ਼ ਦਰਜ ਕੀਤਾ ਗਿਆ ਹੈ | ਸ਼ਿਕਾਇਤਕਰਤਾ ਨੇ ਆਪਣੇ ਬਿਆਨਾਂ 'ਚ ਦੱਸਿਆ ਕਿ ਕਤਲ ਤੋਂ ਬਾਅਦ ਉਸ ਦੇ ਪੁੱਤਰ ਦੇ ਡਿੱਗੇ ਪਏ ਸਰੀਰ ਤੋਂ ਕਿਸੇ ਅਣਪਛਾਤੇ ਵਿਅਕਤੀ ਵਲੋਂ 8 ਤੋਲੇ ਦੀ ਸੋਨੇ ਦੀ ਚੇਨੀ, 10 ਤੋਲੇ ਦਾ ਸੋਨੇ ਦਾ ਕੜਾ, .45 ਬੋਰ ਦਾ ਪਿਸਤੌਲ ਤੇ ਕੁਝ ਜਿੰਦੇ ਕਾਰਤੂਸ ਚੋਰੀ ਕਰ ਲਏ ਗਏ | ਇਸ ਤੋਂ ਇਲਾਵਾ ਰਾਣਾ ਦਾ ਆਈਫੋਨ 16 ਪ੍ਰੋ ਮੈਕਸ ਵੀ ਗਾਇਬ ਮਿਲਿਆ | ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਮਿ੍ਤਕ ਰਾਣਾ ਬਲਾਚੌਰੀਆ ਦਾ ਸਾਮਾਨ ਚੋਰੀ ਕਰਨ ਵਾਲੇ ਤੱਕ ਪਹੁੰਚ ਚੁੱਕੇ ਹਨ, ਪਰ ਇਸ ਮਾਮਲੇ 'ਚ ਹਾਲੇ ਤੱਕ ਕਿਸੇ ਦੀ ਗਿ੍ਫ਼ਤਾਰੀ ਸੰਬੰਧੀ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ | ਓਧਰ ਰਾਣਾ ਬਲਾਚੌਰੀਆ ਦੇ ਕਤਲ ਮਾਮਲੇ 'ਚ ਪੁਲਿਸ ਰਿਮਾਂਡ 'ਤੇ ਚੱਲ ਰਹੇ ਐਸ਼ਪ੍ਰੀਤ ਸਿੰਘ ਤੇ ਜੁਗਰਾਜ ਸਿੰਘ ਨੂੰ ਦੋ ਦਿਨਾਂ ਦੇ ਵਾਧੂ ਪੁਲਿਸ ਰਿਮਾਂਡ ਦੀ ਮਿਆਦ ਪੂਰੀ ਹੋਣ ਉਪਰੰਤ ਸੋਮਵਾਰ ਨੂੰ ਉਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ | ਅਦਾਲਤ ਨੇ ਦੋਵਾਂ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਤਹਿਤ ਜੇਲ੍ਹ ਭੇਜਣ ਦੇ ਹੁਕਮ ਜਾਰੀ ਕਰ ਦਿੱਤੇ ਹਨ | ਦੋਨਾਂ ਮੁਲਜ਼ਮਾਂ ਦੀ ਅਗਲੀ ਪੇਸ਼ੀ 5 ਜਨਵਰੀ ਨੂੰ ਹੋਵੇਗੀ |