ਚੰਡੀਗੜ੍ਹ, 24 ਦਸੰਬਰ (ਅਜਾਇਬ ਸਿੰਘ ਔਜਲਾ)-ਸਰਕਾਰੀ ਆਈ. ਟੀ. ਆਈਜ਼ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਦੇ ਬੈਨਰ ਹੇਠ ਆਪਣੀਆਂ ਮੰਗਾਂ ਨੂੰ ਧਰਨਾ ਸ਼ੁਰੂ ਕੀਤਾ ਗਿਆ ਹੈ ਜੋ ਕਿ ਨਿਰੰਤਰ ਜਾਰੀ ਰੱਖਣ ਲਈ ਮੰਗਾਂ ਦੀ ਪੂਰਤੀ ਤੱਕ ਆਗੂਆਂ ਨੇ ਐਲਾਨ ਵੀ ਕੀਤਾ ਹੈ | ਇਸੇ ਦੌਰਾਨ ਜਥੇਬੰਦੀ ਦੇ ਆਗੂ ਸੇਵਾ ਸਿੰਘ,ਸੁਖਰਾਜ ਸਿੰਘ, ਨਵਨੀਤ ਸਿੰਘ, ਕੁਲਵੰਤ ਸਿੰਘ, ਪ੍ਰਵਨੀਤ ਕੌਰ, ਸੁਰਿੰਦਰ ਕੌਰ , ਜਸਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਇਸਤੋਂ ਪਹਿਲਾਂ ਜ਼ਿਮਨੀ ਚੋਣਾਂ ਦੌਰਾਨ ਤਰਨਤਾਰਨ ਵਿਖੇ ਪੱਕਾ ਮੋਰਚਾ ਲਗਾਇਆ ਸੀ, ਜਿਸ ਵਿਚ ਤਕਨੀਕੀ ਸਿੱਖਿਆ ਮੰਤਰੀ, ਵਿੱਤ ਮੰਤਰੀ ਨਾਲ ਪੈਨਲ ਮੀਟਿੰਗਾਂ ਕੀਤੀਆਂ, ਪਰ ਸਰਕਾਰ ਦੇ ਪਿਛਲੇ 3.5 ਸਾਲਾਂ ਤੋਂ ਲਾਰੇ ਹੀ ਮਿਲ ਰਹੇ ਹਨ | ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਲਿਆਉਣ ਲਈ ਬਹੁਤ ਮਿਹਨਤ ਕੀਤੀ ਸੀ ਕਿ ਸ਼ਾਇਦ ਇਹ ਪਾਰਟੀ ਸਾਡੀਆਂ ਮੰਗਾਂ ਪੂਰੀਆਂ ਕਰੇਗੀ ਪ੍ਰੰਤੂ ਇਹ ਸਰਕਾਰ ਵੀ ਪਹਿਲੀਆਂ ਸਰਕਾਰਾਂ ਵਾਂਗ ਹੀ ਨਿਕਲੀ | ਅਸੀਂ ਇਸ ਸਰਕਾਰ ਵਿਚ ਪਿਛਲੇ 3.5 ਸਾਲਾਂ ਤੋਂ ਕੋਸ਼ਿਸ਼ ਕਰ ਰਹੇ ਹਾਂ ਕਿ ਗੱਲਬਾਤ ਰਾਹੀਂ ਕੋਈ ਹੱਲ ਨਿਕਲੇ ਇਸੇ ਦੇ ਚੱਲਦਿਆਂ ਬਹੁਤ ਵਾਰ ਤਕਨੀਕੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ,ਵਿੱਤ ਮੰਤਰੀ ਹਰਪਾਲ ਚੀਮਾਂ, ਕੈਬਨਿਟ ਮੰਤਰੀ ਅਮਨ ਅਰੋੜਾ ਅਤੇ ਹੋਰ ਕੈਬਨਿਟ ਮੰਤਰੀਆਂ ਨੂੰ ਮਿਲ ਚੁੱਕੇ ਹਾਂ, ਪਰ ਹਰ ਵਾਰ ਲਾਰੇ ਹੀ ਮਿਲੇ ਹਨ | ਉਨ੍ਹਾਂ ਕਿਹਾ ਕਿ ਹੁਣ ਜਥੇਬੰਦੀ ਨੇ ਮਜਬੂਰ ਹੋ ਕੇ ਮੰਗਾਂ ਪੂਰੀਆਂ ਹੋਣ ਤੱਕ ਪੰਜਾਬ ਸਰਕਾਰ ਵਿਰੁੱਧ ਖੁੱਲ ਕੇ ਸੰਘਰਸ਼ ਕਰਨ ਦਾ ਐਲਾਨ ਕੀਤਾ ਹੈ ਅਤੇ ਪੱਕਾ ਧਰਨਾ ਸ਼ੁਰੂ ਕਰਨ ਲਈ ਮਜਬੂਰ ਹੋਏ ਹਨ |