ਚੰਡੀਗੜ੍ਹ, 27 ਦਸੰਬਰ (ਕਪਿਲ ਵਧਵਾ)-ਚੰਡੀਗੜ੍ਹ ਪੁਲਿਸ ਨੇ 52 ਲੱਖ ਦੀ ਡਿਜੀਟਲ ਗਿ੍ਫ਼ਤਾਰੀ ਧੋਖਾਧੜੀ ਮਾਮਲੇ 'ਚ ਇਕ ਨੌਜਵਾਨ ਨੂੰ ਗਿ੍ਫ਼ਤਾਰ ਕੀਤਾ ਹੈ, ਜਿਸ ਦੀ ਪਛਾਣ ਯਦੁਨੰਦਨ ਸ਼ਰਮਾ (24) ਵਾਸੀ ਸੂਦਾਂ ਮੁਹੱਲਾ, ਲੁਧਿਆਣਾ ਵਜੋਂ ਹੋਈ ਹੈ | ਉਸ 'ਤੇ ਦੋਸ਼ ਹੈ ਕਿ ਸ਼ਿਕਾਇਤਕਰਤਾ ਤੋਂ ਠੱਗੀ ਗਈ ਰਕਮ 'ਚੋਂ 5 ਲੱਖ ਰੁਪਏ ਉਸ ਦੇ ਬੈਂਕ ਖਾਤੇ 'ਚ ਟਰਾਂਸਫ਼ਰ ਹੋਏ ਸਨ | ਜਾਣਕਾਰੀ ਅਨੁਸਾਰ ਇਹ ਮਾਮਲਾ ਸੈਕਟਰ-45 ਦੇ ਰਹਿਣ ਵਾਲੇ ਸ਼ਸ਼ੀ ਕੁਮਾਰ ਦੀ ਸ਼ਿਕਾਇਤ 'ਤੇ ਥਾਣਾ ਸਾਈਬਰ ਕ੍ਰਾਇਮ ਵਿਖੇ ਦਰਜ ਕੀਤਾ ਗਿਆ ਸੀ | ਸ਼ਿਕਾਇਤਕਰਤਾ ਅਨੁਸਾਰ ਉਸ ਨੂੰ 27 ਅਕਤੂਬਰ ਨੂੰ ਅਣਜਾਣ ਵਿਅਕਤੀਆਂ ਵਲੋਂ ਵਾਟਸਐੱਪ ਕਾਲ ਆਈ, ਜਿਨ੍ਹਾਂ ਨੇ ਟ੍ਰਾਈ ਦੇ ਅਧਿਕਾਰੀ ਹੋਣ ਦਾ ਦਾਅਵਾ ਕੀਤਾ, ਉਸ ਨੂੰ ਦੱਸਿਆ ਗਿਆ ਕਿ ਉਸ ਦਾ ਨੰਬਰ ਮਨੀ ਲਾਂਡਰਿੰਗ ਲਈ ਵਰਤਿਆ ਗਿਆ ਹੈ ਅਤੇ ਉਸ ਵਿਰੁੱਧ ਐੱਫ. ਆਈ. ਆਰ. ਵੀ ਦਰਜ ਕੀਤੀ ਗਈ ਹੈ | ਇਸ ਤੋਂ ਅਗਲੇ ਪੜਾਅ 'ਚ ਅਖੌਤੀ ਈ. ਡੀ. ਦੇ ਅਧਿਕਾਰੀਆਂ ਵਲੋਂ ਉਸ ਨੂੰ ਵੀਡੀਓ ਸਰਵੀਲੈਂਸ ਰਾਹੀਂ ਕੁਝ ਦਿਨਾਂ ਤੱਕ ਡਿਜੀਟਲ ਗਿ੍ਫ਼ਤਾਰ ਕਰਕੇ ਰੱਖਿਆ ਗਿਆ | ਇਸੇ ਦੌਰਾਨ ਸਾਈਬਰ ਠੱਗਾਂ ਦੇ ਬਜ਼ੁਰਗ ਸ਼ਿਕਾਇਤਕਰਤਾ ਤੋਂ ਵੱਖ-ਵੱਖ ਖਾਤਿਆਂ 'ਚ 52 ਲੱਖ ਰੁਪਏ ਟਰਾਂਸਫ਼ਰ ਕਰਵਾ ਲਏ | ਮਾਮਲਾ ਦਰਜ ਕੀਤੇ ਜਾਣ ਤੋਂ ਬਾਅਦ ਪੁਲਿਸ ਨੇ ਠੱਗੀ ਗਈ ਰਕਮ 'ਚੋਂ 28 ਲੱਖ ਰੁਪਏ ਤਾਂ ਬੈਂਕ ਖਾਤਿਆਂ 'ਚ ਹੀ ਫਰੀਜ਼ ਕਰਵਾ ਲਏ ਅਤੇ ਬਾਕੀ ਰਕਮ ਦੀ ਪੈੜ ਨੱਪਦਿਆਂ ਪੁਲਿਸ ਅਧਿਕਾਰੀਆਂ ਨੇ ਯਦੁਨੰਦਨ ਦਾ ਬੈਂਕ ਖਾਤਾ ਟਰੇਸ ਕੀਤਾ, ਜਿਸ 'ਚ ਟਰਾਂਸਫ਼ਰ ਕੀਤੇ ਗਏ 5 ਲੱਖ ਉਸ ਵਲੋਂ ਨਕਦ ਕੱਢਵਾਂ ਲਏ ਗਏ ਸਨ | ਪੁਲਿਸ ਨੇ ਇਸ ਅਪਰਾਧਿਕ ਸਾਜ਼ਿਸ਼ 'ਚ ਯਦੁਨੰਦਨ ਦੀ ਭੂਮਿਕਾ ਨੂੰ ਧਿਆਨ ਵਿਚ ਰੱਖਦਿਆਂ, ਉਸ ਨੂੰ ਲੁਧਿਆਣਾ ਤੋਂ ਗਿ੍ਫ਼ਤਾਰ ਕਰ ਲਿਆ ਅਤੇ ਪੁੱਛਗਿੱਛ ਉਪਰੰਤ ਉਸ ਨੂੰ ਨਿਆਂਇਕ ਹਿਰਾਸਤ 'ਚ ਭੇਜ ਦਿੱਤਾ | ਇਸ ਮਾਮਲੇ ਦੀ ਜਾਂਚ ਜਾਰੀ ਹੈ |