ਬਠਿੰਡਾ, 2 ਜੂਨ (ਸੱਤਪਾਲ ਸਿੰਘ ਸਿਵੀਆਂ)-ਬਠਿੰਡੇ ਦੇ ਮੌਜੂਦਾ ਬੱਸ ਅੱਡੇ ਦੀ ਇੱਥੋਂ ਮਲੋਟ ਵਾਲੀ ਸੜਕ 'ਤੇ ਕੀਤੀ ਜਾਣ ਵਾਲੀ ਤਬਦੀਲੀ ਨੂੰ ਰੋਕਣ ਲਈ ਜਿੱਥੇ ਬੀਤੀ 24 ਅਪ੍ਰੈਲ ਤੋਂ ਬੱਸ ਅੱਡਾ ਬਚਾਓ ਸੰਘਰਸ਼ ਕਮੇਟੀ ਦੇ ਝੰਡੇ ਹੇਠਾਂ ਸਥਾਨਕ ਡਾ. ਅੰਬੇਦਕਰ ਪਾਰਕ 'ਚ ਪੱਕਾ ਮੋਰਚਾ ਚੱਲ ਰਿਹਾ, ਉੱਥੇ ਜਨਤਕ ਜਥੇਬੰਦੀਆਂ ਵਲੋਂ ਲਗਾਤਾਰ ਡਿਪਟੀ ਕਮਿਸ਼ਨਰ ਨੂੰ ਮੰਗ-ਪੱਤਰ ਸੌਂਪੇ ਜਾ ਰਹੇ ਹਨ | ਇਸ ਮਸਲੇ ਨੂੰ ਲੈ ਕੇ ਜਿੱਥੇ ਅੱਜ ਜਮਹੂਰੀ ਅਧਿਕਾਰ ਸਭਾ ਦਾ ਵਫ਼ਦ ਡੀ.ਸੀ. ਨੂੰ ਮਿਲਿਆ, ਉੱਥੇ ਪੰਜਾਬ ਪੁਲਿਸ ਪੈਨਸ਼ਨਰਜ਼ ਐਸੋਸੀਏਸ਼ਨ ਨੇ ਪੱਕੇ ਮੋਰਚੇ 'ਚ ਪੁੱਜ ਕੇ ਸੰਘਰਸ਼ ਦੀ ਹਮਾਇਤ ਕੀਤੀ | ਜਮਹੂਰੀ ਅਧਿਕਾਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਪਿ੍ੰ. ਬੱਗਾ ਸਿੰਘ, ਸੂਬਾ ਸਕੱਤਰ ਪਿ੍ਤਪਾਲ ਸਿੰਘ, ਕਾਰਜਕਾਰਨੀ ਮੈਂਬਰ ਗੁਰਚਰਨ ਸਿੰਘ ਖੇਮੋਆਣਾ, ਸਿਕੰਦਰ ਸਿੰਘ ਧਾਲੀਵਾਲ, ਬਿਕਰਮਜੀਤ ਸਿੰਘ ਤੇ ਪੈੱ੍ਰਸ ਸਕੱਤਰ ਡਾ. ਅਜੀਤਪਾਲ ਸਿੰਘ ਨੇ ਕਿਹਾ ਕਿ ਉਨ੍ਹਾਂ ਡੀ.ਸੀ. ਤੋਂ ਮੰਗ ਕੀਤੀ ਕਿ ਬਠਿੰਡੇ ਦਾ ਮੌਜੂਦਾ ਬੱਸ ਅੱਡਾ ਢੁਕਵੀਂ ਜਗ੍ਹਾ ਅਤੇ 14.7 ਏਕੜ 'ਚ ਹੈ, ਜਿਸ ਨੂੰ ਸ਼ਹਿਰੋਂ ਬਾਹਰ ਲਿਜਾਉਣ ਦੀ ਨਹੀਂ, ਸਗੋਂ ਇੱਥੇ ਹੀ ਵਿਕਸਤ ਕਰਨ ਦੀ ਲੋੜ ਹੈ | ਅੱਡੇ ਦੀ ਤਬਦੀਲੀ ਨਾਲ ਵਿਕਾਸ ਦਾ ਕੋਈ ਸਬੰਧਿਤ ਨਹੀਂ ਤੇ ਨਾ ਹੀ ਟ੍ਰੈਫ਼ਿਕ ਦੀ ਕੋਈ ਦਿੱਕਤ ਹੈ, ਪਰ ਅਜਿਹਾ ਕਰਨ ਨਾਲ ਹਜ਼ਾਰਾਂ ਲੋਕਾਂ ਦਾ ਰੁਜ਼ਗਾਰ ਪ੍ਰਭਾਵਿਤ ਤੇ ਆਮ ਲੋਕਾਂ ਦੀ ਖੱਜਲ ਖੁਆਰੀ ਵਧੇਗੀ | ਉਨ੍ਹਾਂ ਕਿਹਾ ਕਿ ਇਹ ਭੂ-ਮਾਫੀਆ ਦੀ ਚਾਲ ਹੈ, ਜਿਸ ਤੋਂ ਸਰਕਾਰ ਤੇ ਪ੍ਰਸ਼ਾਸਨ ਨੂੰ ਸੁਚੇਤ ਰਹਿੰਦਿਆਂ ਅੱਡੇ ਦੀ ਤਬਦੀਲੀ ਰੱਦ ਕਰਨੀ ਚਾਹੀਦੀ ਹੈ | ਦੂਜੇ ਪਾਸੇ ਬੱਸ ਅੱਡਾ ਬਚਾਉਣ ਲਈ ਲੱਗੇ ਮੋਰਚੇ 'ਚ ਪੁੱਜੇ ਪੰਜਾਬ ਪੁਲਿਸ ਪੈਨਸ਼ਨਰਜ਼ ਐਸੋਸੀਏਸ਼ਨ ਪ੍ਰਧਾਨ ਰਣਜੀਤ ਸਿੰਘ ਤੂਰ ਨੇ ਕਿਹਾ ਕਿ ਬੱਸ ਅੱਡੇ ਨੂੰ ਇੱਥੋਂ 7 ਕਿੱਲੋਮੀਟਰ ਦੂਰ ਤਬਦੀਲ ਕਰਨ ਨਾਲ ਵਪਾਰੀਆਂ, ਆਮ ਲੋਕਾਂ, ਮੁਲਾਜ਼ਮਾਂ, ਮਿਹਨਤਕਸ਼ਾਂ, ਵਿਦਿਆਰਥੀਆਂ, ਔਰਤਾਂ, ਬੱਚਿਆਂ ਤੇ ਬਜ਼ੁਰਗਾਂ ਦੀ ਦਿੱਕਤ ਵਧੇਗੀ, ਜਿਸ ਨੂੰ ਰੋਕਣ ਲਈ ਬੱਸ ਅੱਡਾ ਬਦਲਣ ਦੀ ਯੋਜਨਾ ਤੁਰੰਤ ਰੱਦ ਕੀਤੀ ਜਾਵੇ | ਉਨ੍ਹਾਂ ਦੀ ਐਸੋਸੀਏਸ਼ਨ ਸੰਘਰਸ਼ ਦੀ ਹਮਾਇਤ ਕਰਦੀ ਹੈ | ਇਸ ਹਮਾਇਤ ਲਈ ਬੱਸ ਅੱਡਾ ਬਚਾਓ ਸੰਘਰਸ਼ ਕਮੇਟੀ ਦੇ ਪ੍ਰਧਾਨ ਬਲਤੇਜ ਸਿੰਘ ਵਾਂਦਰ, ਕੌਂਸਲਰ ਸੰਦੀਪ ਬੌਬੀ, ਸਕੱਤਰ ਹਰਵਿੰਦਰ ਸਿੰਘ ਹੈਪੀ ਤੇ ਸੰਦੀਪ ਅਗਰਵਾਲ ਨੇ ਸੰਸਥਾਵਾਂ ਦਾ ਧੰਨਵਾਦ ਕੀਤਾ |