ਸਰਦੂਲਗੜ੍ਹ (ਮਾਨਸਾ), 7 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ, ਜੀ.ਐਮ.ਅਰੋੜਾ)- ਸਰਦੂਲਗੜ੍ਹ ਘੱਗਰ ਪੁਲ 'ਤੇ ਪਾਣੀ ਦਾ ਪੱਧਰ ਪੌਣੇ ਫੁੱਟ ਦੇ ਕਰੀਬ ਘਟ ਗਿਆ ਹੈ ਜਦਕਿ ਚਾਂਦਪੁਰਾ ਬੰਨ੍ਹ 'ਤੇ ਪਾਣੀ ਵਧ ਗਿਆ ਹੈ | ਅੱਜ ਦੇਰ ਸ਼ਾਮ ਪੁਲ 'ਤੇ ਪਾਣੀ ਦਾ ਲੈਵਲ 21.7 ਫੁੱਟ 'ਤੇ ਚੱਲ ਰਿਹਾ ਸੀ ਜਦਕਿ ਬੀਤੇ ਕੱਲ੍ਹ ਇਹ 23 ਫੁੱਟ ਦੇ ਕਰੀਬ ਸੀ | ਉੱਧਰ ਇਸ ਵੇਲੇ ਚਾਂਦਪੁਰਾ ਬੰਨ੍ਹ 'ਤੇ ਪਾਣੀ ਦਾ ਵਹਾਅ 9 ਫੁੱਟ ਦੇ ਕਰੀਬ ਹੈ | ਇਨ੍ਹਾਂ ਖੇਤਰਾਂ 'ਚ ਅੱਜ ਬਾਰਿਸ਼ ਨਹੀਂ ਹੋਈ, ਜਿਸ ਕਰਕੇ ਦਰਿਆ ਦੇ ਕੰਢਿਆਂ ਨੂੰ ਮਜ਼ਬੂਤ ਕਰਨ ਦਾ ਕੰਮ ਜੰਗੀ ਪੱਧਰ 'ਤੇ ਜਾਰੀ ਹੈ | ਸਰਦੂਲਗੜ੍ਹ ਪੁਲ 'ਤੇ ਪਾਣੀ ਘਟਣ ਦਾ ਕਾਰਨ ਸਰਹਿੰਦ ਚੋਅ ਅਤੇ ਬਰੇਟਾ ਕਨਾਲ ਹਨ, ਜੋ ਪਹਿਲਾਂ ਓਵਰਫਲੋ ਚੱਲ ਰਹੇ ਸਨ ਹੁਣ ਉਹ ਸਾਵੇਂ ਪੱਧਰ 'ਤੇ ਆ ਗਏ ਹਨ | ਉੱਧਰ ਅੱਗੇ ਹਰਿਆਣਾ ਰਾਜ ਦੇ ਪਿੰਡ ਭਨਿਆਰੀ ਕੋਲ ਵੱਡਾ ਪਾੜ ਪੈਣ ਕਰਕੇ ਉਪਰੋਕਤ ਪੁਲ ਤੋਂ ਪਾਣੀ ਦੀ ਗਤੀਸ਼ੀਲਤਾ ਤੇਜ਼ ਹੋਣ ਕਰਕੇ ਵੀ ਪੱਧਰ ਥੱਲੇ ਆਇਆ ਹੈ | ਲੋਕ ਇਸ ਗੱਲੋਂ ਸੁਚੇਤ ਹਨ ਕਿ ਪਹਾੜੀ ਰਾਜਾਂ ਅਤੇ ਦਰਿਆ ਨੇੜਲੇ ਹੋਰਨਾਂ ਜ਼ਿਲਿ੍ਹਆਂ 'ਚ ਪੈ ਰਹੀ ਬਾਰਿਸ਼ ਕਾਰਨ ਕੱਲ੍ਹ ਸ਼ਾਮ ਤੱਕ ਪਾਣੀ ਮੁੜ ਉਸੇ ਪੱਧਰ 'ਤੇ ਆ ਸਕਦਾ ਹੈ | ਇਸ ਲਈ ਉਹ ਕਿਨਾਰਿਆਂ ਨੂੰ ਮਜ਼ਬੂਤ ਤੇ ਉੱਚਾ ਕਰ ਰਹੇ ਹਨ | ਦੱਸ ਦੇਈਏ 2 ਦਿਨ ਪਹਿਲਾਂ ਫੂਸ ਮੰਡੀ, ਝੰਡਾ ਖੁਰਦ ਤੇ ਰੋੜਕੀ ਵਿਚਾਲੇ ਬੰਨ੍ਹ ਦੀ ਲੀਕੇਜ ਹੋ ਗਈ ਸੀ ਪਰ ਮੌਕੇ 'ਤੇ ਪਤਾ ਲੱਗਣ 'ਤੇ ਕਿਸਾਨਾਂ ਵਲੋਂ ਪੂਰ ਲਿਆ ਗਿਆ ਸੀ | ਜ਼ਿਕਰਯੋਗ ਹੈ ਕਿ ਘੱਗਰ ਪੁਲ 27 ਫੁੱਟ ਤੱਕ ਉੱਚਾ ਹੈ ਜਦਕਿ ਇਹ 25 ਫੁੱਟ ਤੱਕ ਪਾਣੀ ਵੀ ਝੱਲ ਸਕਦਾ ਹੈ ਕਿਉਂਕਿ ਨੇੜਲੇ ਪਿੰਡਾਂ ਵਾਲਿਆਂ ਵਲੋਂ ਵੀ ਖੁਦ ਮਿੱਟੀ ਪਾ ਕੇ ਪਟੜੀ ਨੂੰ 25 ਫੁੱਟ ਤੋਂ ਵਧੇਰੇ ਉੱਚਾ ਕਰ ਲਿਆ ਹੈ ਅਤੇ ਉਹ ਇਸ ਕਾਰਜ ਨੂੰ ਜਾਰੀ ਰੱਖ ਰਹੇ ਹਨ | ਹਲਕਾ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਘੱਗਰ ਨੇੜਲੇ ਪਿੰਡਾਂ ਦਾ ਦੌਰਾ ਕਰਨ ਉਪਰੰਤ ਦੱਸਿਆ ਕਿ ਸਥਿਤੀ ਕਾਬੂ ਹੇਠ ਹੈ | ਇਸੇ ਦੌਰਾਨ ਐਸ.ਡੀ.ਐਮ. ਡਾ. ਅਜੀਤਪਾਲ ਸਿੰਘ ਚਹਿਲ ਨੇ ਕਿਹਾ ਕਿ ਪ੍ਰਸ਼ਾਸਨ ਵਲੋਂ ਘੱਗਰ ਨੇੜਲੇ ਕੰਢਿਆਂ 'ਤੇ ਤਿਰਛੀ ਨਜ਼ਰ ਰੱਖੀ ਹੋਈ ਹੈ ਅਤੇ ਲੋਕਾਂ ਦੇ ਸਹਿਯੋਗ ਨਾਲ ਕੰਢਿਆਂ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ | ਉਨ੍ਹਾਂ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਅਫ਼ਵਾਹਾਂ 'ਚ ਨਾ ਆਉਣ ਬਲਕਿ ਭਾਈਚਾਰਕ ਸਾਂਝ ਕਾਇਮ ਰੱਖ ਕੇ ਔਖੇ ਵੇਲੇ ਇਕ-ਦੂਸਰੇ ਦਾ ਸਾਥ ਦੇਣ |