ਬਠਿੰਡਾ, 2 ਨਵੰਬਰ (ਪ੍ਰੀਤਪਾਲ ਸਿੰਘ ਰੋਮਾਣਾ)-ਬਾਬਾ ਦੀਪ ਨਗਰ ਵਿਖੇ ਕਿਰਾਏ ਦੇ ਮਕਾਨ 'ਚ ਰਹਿ ਰਹੇ ਇਕ ਵਿਅਕਤੀ ਦੀ ਭੇਦਭਰੇ ਹਾਲਾਤ ਵਿਚ ਲਾਸ਼ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ | ਉੱਧਰ ਥਾਣਾ ਕੈਨਾਲ ਕਾਲੋਨੀ ਦੀ ਪੁਲਿਸ ਵਲੋਂ ਮਿ੍ਤਕ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਉਸ ਦੇ ਮੌਤ ਦੇ ਕਾਰਨਾਂ ਦੀ ਪੜਤਾਲ ਕੀਤੀ ਜਾ ਰਹੀ ਹੈ | ਬਾਬਾ ਦੀਪ ਸਿੰਘ ਨਗਰ ਦੀ ਵਸਨੀਕ ਲਖਵਿੰਦਰ ਕੌਰ ਨੇ ਦੱਸਿਆ ਕਿ ਮੰਗਲ ਸਿੰਘ ਨਾਮ ਦਾ ਵਿਅਕਤੀ ਜੋ ਕਿ ਸ਼੍ਰੀ ਮੁਕਤਸਰ ਸਾਹਿਬ ਦਾ ਰਹਿਣ ਵਾਲਾ ਹੈ, ਉਹ ਪਿਛਲੀ 7 ਸਾਲ ਤੋਂ ਆਪਣੀ ਪਤਨੀ ਅਤੇ ਬੱਚਿਆਂ ਤੋਂ ਵੱਖ ਹੋ ਕੇ ਬਾਬਾ ਦੀਪ ਸਿੰਘ ਨਗਰ 'ਚ ਕਿਰਾਏ ਦੇ ਮਕਾਨ ਵਿਚ ਇਕ ਔਰਤ ਨਾਲ ਲਿਵਇੰਨ ਰਿਲੇਸ਼ਨ 'ਚ ਰਹਿ ਰਿਹਾ ਸੀ | ਜਦੋਂ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਮੰਗਲ ਸਿੰਘ ਦੀ ਮੌਤ ਹੋ ਗਈ ਹੈ ਤਾਂ ਉਹ ਤੁਰੰਤ ਮੌਕੇ ਉੱਪਰ ਪਹੁੰਚੀ | ਲਖਵਿੰਦਰ ਕੌਰ ਨੇ ਕਿਹਾ ਕਿ ਮੰਗਲ ਸਿੰਘ ਦੇ ਗਲ ਵਿਚ ਨਿਸ਼ਾਨ ਸਨ ਤੇ ਉਸ ਦੇ ਕੋਲ ਰੱਸੀ ਪਈ ਹੋਈ ਸੀ | ਉਨ੍ਹਾਂ ਕਿਹਾ ਕਿ ਪੁਲਿਸ ਵੀ ਉਸੇ ਸਮੇਂ ਮੌਕੇ ਉੱਪਰ ਪਹੁੰਚ ਗਈ | ਉੱਧਰ ਇਸ ਮਾਮਲੇ ਸੰਬੰਧੀ ਥਾਣਾ ਕੈਨਾਲ ਕਾਲੋਨੀ ਦੇ ਇੰਚਾਰਜ ਹਰਜੀਵਨ ਸਿੰਘ ਨੇ ਕਿਹਾ ਕਿ ਉਨ੍ਹਾਂ ਵਲੋਂ ਮਿ੍ਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰਖਵਾਈਆ ਗਿਆ ਹੈ, ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਕਿ ਮਿ੍ਤਕ ਦੇ ਮੌਤ ਦਾ ਕਾਰਨ ਕੀ ਬਣਿਆ ਹੈ |