ਪੁਰਖਾਲੀ, 2 ਸਤੰਬਰ (ਅੰਮਿ੍ਤਪਾਲ ਸਿੰਘ ਬੰਟੀ)-ਬਸਪਾ ਰੂਪਨਗਰ ਦੇ ਸਾਬਕਾ ਜਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ ਗੋਲਡੀ ਪੁਰਖਾਲੀ ਨੇ ਕਿਹਾ ਕਿ ਇੱਕ ਪਾਸੇ ਜਿਥੇ ਹੜਾਂ ਨੇ ਪੰਜਾਬ 'ਚ ਤਬਾਹੀ ਮਚਾਈ ਹੋਈ ਹੈ, ਉੱਥੇ ਹੀ ਦਿਹਾੜੀ ਦੱਪਾ ਕਰਕੇ ਆਪਣੇ ਪਰਿਵਾਰ ਚਲਾਉਣ ਵਾਲੇ ਮਜਦੂਰਾਂ ਨੂੰ ਵੀ ਇਸ ਮਹਿੰਗਾਈ ਦੇ ਯੁੱਗ 'ਚ ਦੋ ਡੰਗ ਦੀ ਰੋਟੀ ਦੇ ਲਾਲੇ ਪਏ ਹੋਏ ਹਨ | ਉਨ੍ਹਾਂ ਇਸ ਸਬੰਧੀ ਲੇਬਰ ਵਿਭਾਗ ਪੰਜਾਬ ਤੋਂ ਮੰਗ ਕੀਤੀ ਕਿ ਮਜਦੂਰਾਂ ਦੀ ਸਾਰ ਲਈ ਜਾਵੇ ਅਤੇ ਆਪਣੇ ਵਿਭਾਗ ਦੀ ਜਿੰਮੇਵਾਰੀ ਨਿਭਾਈ ਜਾਵੇ | ਉਨ੍ਹਾਂ ਕਿਹਾ ਕਿ ਲਗਾਤਾਰ ਹੋ ਰਹੇ ਮੀਂਹ ਕਾਰਨ ਮਜਦੂਰਾਂ ਨੂੰ ਕੰਮ ਨਹੀਂ ਮਿਲ ਰਿਹਾ ਅਤੇ ਮਜਦੂਰ ਵਿਚਾਰੇ ਆਪਣੇ ਘਰਾਂ 'ਚ ਵਿਹਲੇ ਬੈਠੇ ਹਨ ਤੇ ਦੁਕਾਨਾਂ ਤੋਂ ਉਧਾਰ ਸੌਦੇ ਲਿਆ ਕੇ ਆਪਣੇ ਪਰਿਵਾਰਾਂ ਨੂੰ ਦੋ ਡੰਗ ਦਾ ਖਾਣਾ ਖੁਆ ਰਹੇ ਹਨ | ਉਨ੍ਹਾਂ ਕਿਹਾ ਕਿ ਪ੍ਰੰਤੂ ਮਜਦੂਰਾਂ ਦੀ ਭਲਾਈ ਲਈ ਬਣਾਇਆ ਲੇਬਰ ਵਿਭਾਗ ਪੰਜਾਬ ਪਤਾ ਨਹੀਂ ਕਿੱਥੇ ਸੁੱਤਾ ਪਿਆ ਹੈ ਜੋ ਇਸ ਆਫ਼ਤ ਦੀ ਘੜੀ ਚ ਮਜਦੂਰ ਲੋਕਾਂ ਦੀ ਸਾਰ ਨਹੀਂ ਲੈ ਰਿਹਾ | ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਮਜਦੂਰਾਂ ਦੀ ਭਲਾਈ ਲਈ ਬਣਾਏ ਲੇਬਰ ਵਿਭਾਗ ਨੂੰ ਘੱਟੋ ਘੱਟ ਵਿਭਾਗ ਕੋਲ ਰਜਿਸਟਰਡ ਮਜਦੂਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਸਾਰ ਤਾਂ ਲੈਣੀ ਚਾਹੀਦੀ ਹੈ ਤਾਂ ਜੋ ਇਸ ਆਫਤ ਦੀ ਘੜੀ 'ਚ ਆਪਣੇ ਪਰਿਵਾਰਾਂ ਦਾ ਗੁਜ਼ਾਰਾ ਚਲਾ ਸਕਣ |