ਲਗਾਤਾਰ ਪੈ ਰਹੇ ਮੀਂਹ ਨਾਲ ਰੂਪਨਗਰ ਸ਼ਹਿਰ ਦੇ ਨੀਵੇਂ ਇਲਾਕਿਆਂ ਦੀ ਜ਼ਿੰਦਗੀ ਹੋਈ ਦੁੱਭਰ <br/>
ਅਜੀਤ ਡੈਸਕ
03-09-2025
ਖ਼ਾਲੀ ਪਲਾਟ ਬਣੇ ਮੁੱਖ ਸਮੱਸਿਆ:
ਵੱਖ-ਵੱਖ ਕਲੋਨੀਆਂ ਦੇ ਨਿਵਾਸੀਆਂ ਨੇ ਕਿਹਾ ਕਿ ਖ਼ਾਲੀ ਪਲਾਟਾਂ ਵਿਚ ਖੜ੍ਹਦਾ ਪਾਣੀ ਸਭ ਤੋਂ ਵੱਡੀ ਮੁਸੀਬਤ ਹੈ | ਵਾਰਡ ਨੰਬਰ 2 ਦੀ ਅਮਰ ਕਲੋਨੀ ਅਤੇ ਵਾਰਡ ਨੰਬਰ 3 ਦੇ ਵੱਡੇ ਪਲਾਟਾਂ ਵਿਚ ਹਮੇਸ਼ਾ ਪਾਣੀ ਭਰਿਆ ਰਹਿੰਦਾ ਹੈ, ਪਰ ਮਾਲਕ ਕੋਈ ਹੱਲ ਨਹੀਂ ਕਰਦੇ | ਇਸੇ ਤਰ੍ਹਾਂ ਵਾਰਡ ਨੰਬਰ 5,6,7,13, 14, 15, 16, 17, 18 ਵਿਚ ਖਾਲੀ ਪਲਾਟਾਂ ਅਤੇ ਉੱਗੇ ਘਾਹ-ਫੂਸ ਕਾਰਨ ਲੋਕ ਪਰੇਸ਼ਾਨ ਹਨ ਅਤੇ ਰੋਜ਼ਾਨਾ ਜ਼ਿੰਦਗੀ ਕਠਿਨ ਹੋ ਗਈ ਹੈ | ਨਿਕਾਸੀ ਨਾ ਹੋਣ ਕਾਰਨ ਵਾਰਡ ਨੰਬਰ 7 ਦੀ ਸ਼ਨੀ ਮੰਦਰ ਵਾਲੀ ਗਲੀ, ਕਾਹਲੋ ਡੇਅਰੀ ਵਾਲੀ ਗਲੀ, ਵਾਰਡ 14 ਦੀ ਲਖਵਿੰਦਰਾ ਐਨਕਲੇਵ, ਗਾਰਡਨ ਅਤੇ ਨਿਊ ਗਾਰਡਨ ਕਲੋਨੀਆਂ ਸਮੇਤ ਬੜੀ ਹਵੇਲੀ ਦਾ ਹੇਠਲਾ ਖੇਤਰ ਬਹੁਤ ਬੁਰੇ ਹਾਲ ਵਿਚ ਹਨ | ਹਵੇਲੀ ਕਲਾਂ ਦੇ ਹੇਠਲੇ ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਪਿਛਲੇ 10 ਸਾਲਾਂ ਤੋਂ ਇਸ ਸਮੱਸਿਆ ਦਾ ਹੱਲ ਨਹੀਂ ਨਿਕਲਿਆ | ਵੱਡੇ-ਵੱਡੇ ਨੇਤਾ ਵੀ ਸਿਰਫ਼ ਦੌਰੇ ਕਰਕੇ ਹੱਥ ਖੜੇ ਕਰ ਚੁੱਕੇ ਹਨ ਅਤੇ ਫੰਡਾਂ ਦੀ ਘਾਟ ਕਾਰਨ ਸੀਵਰੇਜ ਸਿਸਟਮ ਸੁਧਾਰਿਆ ਨਹੀਂ ਜਾ ਰਿਹਾ | ਵਾਰਡ ਨੰਬਰ 15 ਦੀ ਰਣਜੀਤ ਐਵਨਿਊ ਕਲੋਨੀ ਨੇੜਲੇ ਨਾਲੇ ਕਾਰਨ ਬਰਸਾਤੀ ਪਾਣੀ ਦੀ ਨਿਕਾਸੀ ਤੋਂ ਬਹੁਤ ਪ੍ਰਭਾਵਿਤ ਹੈ | ਇਹ ਨਾਲਾ ਪਿੱਛੋਂ ਭਰ ਕੇ ਆਉਂਦਾ ਹੈ, ਪਰ ਕਮੀਉਨਿਟੀ ਸੈਂਟਰ ਤੋਂ ਅੱਗੇ ਬੰਦ ਹੋਣ ਕਰਕੇ ਇੱਥੇ ਓਵਰਫਲੋ ਹੋ ਜਾਂਦਾ ਹੈ ਅਤੇ ਰਣਜੀਤ ਐਵਨਿਊ ਕਲੋਨੀ ਵਿਚ ਪਾਣੀ ਭਰ ਜਾਂਦਾ ਹੈ | ਦਸ਼ਮੇਸ਼ ਨਗਰ ਦੀ ਨੇੜਲੀ ਗਲੀ ਤਾਂ ਨਾਲੇ ਦਾ ਰੂਪ ਧਾਰ ਲੈਂਦੀ ਹੈ | ਹੇਠਲੀਆਂ 10 ਕਲੋਨੀਆਂ ਦੇ ਮੋਹਤਵਰ ਆਗੂ ਅਤੇ ਸੰਸਥਾਵਾਂ ਦੇ ਨੁਮਾਇੰਦੇ ਪਿਛਲੇ ਕਈ ਸਾਲਾਂ ਤੋਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਰਕਾਰ ਅੱਗੇ ਨਿਕਾਸੀ ਲਈ ਗੁਹਾਰਾਂ ਲਾ ਚੁੱਕੇ ਹਨ, ਪਰ ਅੱਜ ਤੱਕ ਕੋਈ ਹੱਲ ਨਹੀਂ ਹੋਇਆ | ਹੁਣ ਸ਼ਹਿਰ ਦੀਆਂ ਟੁੱਟੀਆਂ ਸੜਕਾਂ ਵੀ ਵੱਡੀ ਮੁਸੀਬਤ ਬਣ ਗਈਆਂ ਹਨ | ਖੱਡਿਆਂ ਵਿਚ ਖੜ੍ਹੇ ਪਾਣੀ ਨਾਲ ਰਾਹਗੀਰਾਂ ਨੂੰ ਆਵਾਜਾਈ ਵਿਚ ਬੇਹੱਦ ਪਰੇਸ਼ਾਨੀ ਆ ਰਹੀ ਹੈ | ਕਾਰਾਂ ਅਤੇ ਸਕੂਟਰਾਂ ਦੀਆਂ ਪਚਕਾਰੀਆਂ ਨਾਲ ਦੁਕਾਨਦਾਰ ਤੰਗ ਆ ਚੁੱਕੇ ਹਨ, ਜਦਕਿ ਸੜਕਾਂ 'ਤੇ ਖੱਡੇ ਹੋਰ ਵੀ ਵੱਡੇ ਹੋ ਗਏ ਹਨ | ਕਾਲਜ ਰੋਡ ਤੋਂ ਹਵੇਲੀ ਕਲਾਂ ਵੱਲ ਜਾਂਦਾ ਮਾਰਗ ਟੁੱਟਿਆ ਪਿਆ ਹੈ ਅਤੇ ਸਤਲੁਜ ਦਰਿਆ ਉੱਤੇ ਬਣੇ ਹੈਡਵਰਕ ਪੁੱਲ ਦੀ ਸੜਕ ਵੀ ਬੁਰੀ ਤਰ੍ਹਾਂ ਖਰਾਬ ਹੋ ਚੁੱਕੀ ਹੈ | ਲੋਕਾਂ ਨੇ ਮੰਗ ਕੀਤੀ ਹੈ ਕਿ ਸ਼ਹਿਰ ਦੀ ਬਰਸਾਤੀ ਪਾਣੀ ਦੀ ਸਮੱਸਿਆ ਦਾ ਜਲਦ ਹੱਲ ਕੱਢਿਆ ਜਾਵੇ, ਤਾਂ ਜੋ ਉਹਨਾਂ ਨੂੰ ਹਰ ਸਾਲ ਵਾਪਰਦੀ ਇਸ ਤ੍ਰਾਸਦੀ ਤੋਂ ਛੁਟਕਾਰਾ ਮਿਲ ਸਕੇ |