ਕਾਹਨਪੁਰ ਖੂਹੀ, 2 ਸਤੰਬਰ (ਗੁਰਬੀਰ ਸਿੰਘ ਵਾਲੀਆ)-ਇੱਥੋਂ ਨਜ਼ਦੀਕੀ ਪਿੰਡ ਭਨੂਹਾਂ ਦੇ ਨੌਜਵਾਨਾਂ ਵਲੋਂ ਆਪਣੇ ਪਿੰਡ ਨੂੰ ਹੜ੍ਹਾਂ ਤੋਂ ਬਚਾਉਣ ਲਈ, ਅੱਜ ਡਰੇਨ ਵਿਭਾਗ ਦੇ ਸਹਿਯੋਗ ਨਾਲ ਮਿੱਟੀ ਦਾ ਬੰਨ੍ਹ ਲਗਾਇਆ ਗਿਆ ਸੀ | ਪਰ ਅਖੌਤੀ ਰੇਤ ਮਾਫ਼ੀਆ ਵਲੋਂ ਹੜ੍ਹਾਂ ਦੀ ਪ੍ਰਵਾਹ ਨਾ ਕਰਦਿਆਂ ਜਿੱਥੇ ਬੇਖੌਫ਼ ਨਜਾਇਜ਼ ਮਾਈਨਿੰਗ ਦਾ ਗੋਰਖ ਧੰਦਾ ਬੇਰੋਕ ਜਾਰੀ ਹੈ, ਉੱਥੇ ਹੀ ਉਹਨਾਂ ਨੇ ਆਪਣੀਆਂ ਭਾਰੀ ਭਰਕਮ ਮਸ਼ੀਨਾਂ ਅਤੇ ਟਿੱਪਰਾਂ ਨੂੰ ਲੰਘਾਉਣ ਲਈ ਪਿੰਡ ਵਾਸੀਆਂ ਵਲੋਂ ਲਗਾਇਆ ਗਿਆ ਉਕਤ ਮਿੱਟੀ ਦਾ ਬੰਨ੍ਹ ਨੂੰ ਢਾਹ ਕੇ ਆਵਾਜਾਈ ਲਈ ਖੋਲ੍ਹਣ ਲਈ ਪੁੱਟਣਾ ਸ਼ੁਰੂ ਕਰ ਦਿੱਤਾ | ਇਸਦਾ ਪਤਾ ਲੱਗਣ 'ਤੇ ਪਿੰਡ ਵਾਸੀਆਂ ਨੇ ਉਕਤ ਮਾਫ਼ੀਆ ਦਾ ਜ਼ਬਰਦਸਤ ਵਿਰੋਧ ਕਰਦਿਆਂ ਸੜਕ 'ਤੇ ਜਾਮ ਲਗਾ ਦਿੱਤਾ | ਇਸ ਸਬੰਧੀ ਗੱਲਬਾਤ ਕਰਦਿਆਂ ਕੇਹਰ ਸਿੰਘ ਧਾਰਨੀ ਜਸਵਿੰਦਰ ਸਿੰਘ ਭਨੂਹਾਂ ਸਰਪੰਚ ਨੇ ਦੱਸਿਆ ਕਿ ਸਮੂਹ ਪਿੰਡ ਵਾਸੀਆਂ ਵਲੋਂ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਜਦੋਂ ਤੱਕ ਬਰਸਾਤ ਦੀ ਰੁੱਤ ਖਤਮ ਨਹੀਂ ਹੋ ਜਾਂਦੀ ਉਦੋਂ ਤੱਕ ਇਸ ਸੜਕ ਤੋਂ ਟਿੱਪਰਾਂ ਦੇ ਲੰਘਣ 'ਤੇ ਮੁਕੰਮਲ ਤੌਰ 'ਤੇ ਰੋਕ ਲਗਾਈ ਜਾਵੇ | ਗੌਰਤਲਬ ਹੈ ਕਿ ਅਜੇ ਕੁੱਝ ਦਿਨ ਪਹਿਲਾਂ ਹੀ ਪ੍ਰਸ਼ਾਸਨ ਵਲੋਂ ਇੱਕ ਲੈਟਰ ਜਾਰੀ ਕਰਦਿਆਂ ਇਸ ਸੜਕ ਨੂੰ ਦਿਨ ਸਮੇਂ ਟਿੱਪਰਾਂ ਲਈ ਨੋ ਐਂਟਰੀ ਜੋਨ ਘੋਸ਼ਿਤ ਕੀਤਾ ਸੀ | ਪਰ ਰੇਤ ਮਾਫ਼ੀਆ ਵਲੋਂ ਕਾਨੂੰਨ ਨੂੰ ਛਿੱਕੇ ਟੰਗ ਕੇ ਨਿਯਮਾਂ ਦੀਆਂ ਸ਼ਰੇਆਮ ਧੱਜੀਆਂ ਉਡਾਈਆਂ ਜਾ ਰਹੀਆਂ ਹਨ | ਰੋਹ ਵਿਚ ਆਏ ਪਿੰਡ ਵਾਸੀਆਂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਅਗਰ ਬੇਖੌਫ਼ ਚਲ ਰਹੀ ਉਕਤ ਟਰੈਫ਼ਿਕ ਜੇਕਰ ਬੰਦ ਨਾ ਕੀਤੀ ਗਈ ਤਾਂ ਇਲਾਕੇ ਦੇ ਲੋਕਾਂ ਨੂੰ ਨਾਲ ਲੈ ਕੇ ਗੜ੍ਹਸ਼ੰਕਰ-ਅਨੰਦਪੁਰ ਸਾਹਿਬ ਮੁੱਖ ਮਾਰਗ ਬੰਦ ਕੀਤਾ ਜਾਵੇਗਾ | ਇਸ ਮੌਕੇ ਸਰਪੰਚ ਜਸਵਿੰਦਰ ਸਿੰਘ, ਜਸਵੰਤ ਸਿੰਘ ਪੰਚ, ਕੈਪਟਨ ਪਿਆਰਾ ਸਿੰਘ, ਸੁਖਵਿੰਦਰ ਸਿੰਘ ਸੁੱਖਾ, ਸੁਭਾਸ਼ ਚੰਦ, ਜਸਪ੍ਰੀਤ, ਦਰਸ਼ਨ ਸਿੰਘ, ਏਕਮ ਢੇਸੀ, ਹਰਨੂਰ ਸਿੰਘ, ਗੋਪਾਲ ਚੰਦ ਪੰਚ, ਸ਼ਾਮ ਸਿੰਘ ਫ਼ੌਜੀ, ਜਸ਼ਨਪ੍ਰੀਤ, ਤਾਰਾ ਸਿੰਘ ਪੰਚ ਸਮੇਤ ਸਮੂਹ ਪਿੰਡ ਵਾਸੀ ਹਾਜ਼ਰ ਸਨ |