ਸ੍ਰੀ ਅਨੰਦਪੁਰ ਸਾਹਿਬ, 2 ਸਤੰਬਰ (ਕਰਨੈਲ ਸਿੰਘ)-ਅੱਜ ਕੁੱਲ ਹਿੰਦ ਕਿਸਾਨ ਸਭਾ ਜ਼ਿਲ੍ਹਾ ਰੂਪਨਗਰ ਇਕਾਈ ਦੀ ਮੀਟਿੰਗ ਸ੍ਰੀ ਅਨੰਦਪੁਰ ਸਾਹਿਬ ਵਿਖੇ ਕਾਮਰੇਡ ਰਾਮ ਪਾਲ ਤਾਰਾਪੁਰ ਦੀ ਪ੍ਰਧਾਨਗੀ ਹੇਠ ਹੋਈ | ਜਿਸ 'ਚ ਹੜ੍ਹਾ ਦੀ ਮਾਰ ਹੇਠ ਆਈ ਪੰਜਾਬ ਦੀ ਕਿਸਾਨੀ ਅਤੇ ਪੰਜਾਬ, ਹਿਮਾਚਲ ਪ੍ਰਦੇਸ਼ ਅਤੇ ਹੋਰ ਸੂਬਿਆਂ 'ਚ ਭਾਰੀ ਬਰਸਾਤਾਂ ਨਾਲ ਹੋਏ ਨੁਕਸਾਨ 'ਤੇ ਗੰਭੀਰ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ | ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਕਾ. ਗੁਰਨਾਮ ਸਿੰਘ ਔਲਖ ਜ਼ਿਲ੍ਹਾ ਸਕੱਤਰ ਰੂਪਨਗਰ ਨੇ ਦੱ ਸਿਆ ਕਿ ਸਾਰੇ ਹਾਜ਼ਰ ਨੁਮਾਇੰਦਿਆਂ ਨੇ ਆਪਣੇ ਆਪਣੇ ਇਲਾਕਿਆਂ ਦੀ ਸਥਿਤੀ ਸਬੰਧੀ ਆਪਣੇ ਵਿਚਾਰ ਪੇਸ਼ ਕੀਤੇ | ਮੀਟਿੰਗ 'ਚ ਨੋਟ ਕੀਤਾ ਗਿਆ ਕਿ ਇਸ ਸਮੇਂ ਜਦੋਂ ਪੰਜਾਬ 'ਚ ਦਰਿਆਵਾਂ ਦੇ ਪਾਣੀ ਨੇ ਤਬਾਹੀ ਮਚਾ ਰੱਖੀ ਹੈ ਕਿਸਾਨ ਦੀਆਂ ਫ਼ਸਲਾਂ ਬਰਬਾਦ ਹੋ ਗਈਆਂ ਹਨ, ਮਾਲ ਡੰਗਰ ਪਾਣੀ 'ਚ ਰੁੜ ਗਿਆ ਹੈ ਅਤੇ ਘਰ ਬਾਹਰ ਦਾ ਭਾਰੀ ਨੁਕਸਾਨ ਹੋਇਆ, ਇਸ ਸਮੇਂ ਕੇਂਦਰ ਦੀ ਮੋਦੀ ਸਰਕਾਰ ਪੰਜਾਬ ਵੱਲ ਪਿੱਠ ਕਰਕੇ ਖੜੀ ਹੈ ਜੋਂ ਗੰਭੀਰ ਚਿੰਤਾ ਦਾ ਵਿਸ਼ਾ ਹੈ | ਮੀਟਿੰਗ 'ਚ ਕੇਂਦਰ ਸਰਕਾਰ ਦੇ ਇਸ ਵਤੀਰੇ ਦੀ ਸਖ਼ਤ ਨਿੰਦਾ ਕੀਤੀ ਗਈ ਅਤੇ ਮੰਗ ਕੀਤੀ ਗਈ ਕਿ ਮੋਦੀ ਸਰਕਾਰ ਹੜ੍ਹਾਂ ਨਾਲ ਹੋਈ ਤਬਾਹੀ ਨੂੰ ਕੌਮੀ ਆਫ਼ਤ ਐਲਾਨ ਕਰੇ ਅਤੇ ਹੋਏ ਨੁਕਸਾਨ ਸਬੰਧੀ ਲੋਕਾਂ ਨੂੰ ਰਾਹਤ ਦੇਣ ਲਈ ਤੁਰੰਤ ਫੰਡ ਅਲਾਟ ਕਰੇ | ਇਹ ਵੀ ਮੰਗ ਕੀਤੀ ਗਈ ਕਿ ਬਰਬਾਦ ਹੋਈਆਂ ਫ਼ਸਲਾਂ ਦਾ ਮੁਆਵਜ਼ਾ ਇੱਕ ਲੱਖ ਰੁਪਏ ਪ੍ਰਤੀ ਏਕੜ ਸਮੇਤ ਮਾਲ ਡੰਗਰ ਦੇ ਅਤੇ ਬਾਕੀ ਹੋਏ ਨੁਕਸਾਨ ਦੀ ਭਰਪਾਈ ਸਮੇਤ ਪਿੰਡਾਂ 'ਚ ਵਸਦੇ ਖੇਤ ਮਜ਼ਦੂਰਾਂ ਨੂੰ ਬਣਦੀ ਰਾਹਤ ਸਰਕਾਰ ਜਾਰੀ ਕਰੇ, ਲੋਕਾਂ ਦੇ ਵਸੇਬੇ ਲਈ ਫੋਰੀ ਪ੍ਰਬੰਧ ਕੀਤਾ ਜਾਏ ਆਦਿ ਸਬੰਧੀ ਪੰਜਾਬ ਸਰਕਾਰ ਫੌਰੀ ਕਾਰਵਾਈ ਕਰੇ | ਮੀਟਿੰਗ ਵਿੱਚ ਨੋਟ ਕੀਤਾ ਗਿਆ ਕਿ ਭਾਖੜਾ ਅਤੇ ਅਨੰਦਪੁਰ ਸਾਹਿਬ ਹਾਈਡਲ ਨਹਿਰ ਕੰਢੇ ਥਾਂ ਥਾਂ ਤੋਂ ਬੈਠਣ ਕਰਕੇ ਜ਼ਿਲਾ ਰੂਪਨਗਰ 'ਚ ਗੰਭੀਰ ਸਥਿਤੀ ਪੈਦਾ ਕਰ ਦਿੱਤੀ ਹੈ ਅਤੇ ਇਹ ਮਹਿਕਮਾ ਬੀ ਬੀ ਐਮ ਬੀ ਅਤੇ ਸਰਕਾਰਾਂ ਦੀਆਂ ਵਰਕ ਫੋਰਸ/ਦਰਜਾ ਤਿੰਨ ਅਤੇ ਚਾਰ ਦੀ ਗਿਣਤੀ ਘੱਟ ਕਰਨ ਦਾ ਨਤੀਜਾ ਹੈ | ਨਹਿਰ ਦੀਆਂ ਪਟੜੀਆਂ ਦੀ ਦੇਖ ਰੇਖ ਨਹੀਂ ਹੋਈ ਤੇ ਘਾਹ ਅਤੇ ਝਾੜੀਆਂ ਹੋਣ ਅਤੇ ਡਰੇਨਾਂ ਦੇ ਬੰਦ ਹੋਣ ਕਾਰਨ ਹੀ ਬਰਸਾਤਾਂ ਦਾ ਪਾਣੀ ਕੱਚੀ ਮਿੱਟੀ ਖਰ ਗਈ | ਜਿਸ ਕਾਰਨ ਨਹਿਰਾਂ ਦੀਆਂ ਪਟੜੀਆਂ ਬੈਠ ਗਈਆਂ | ਇਸ ਦਾ ਗੰਭੀਰ ਨੋਟਿਸ ਲੈਂਦਿਆਂ ਬੀ.ਬੀ.ਐਮ.ਬੀ. ਵਿਭਾਗ ਤੋਂ ਮੰਗ ਕੀਤੀ ਗਈ ਕਿ ਮਹਿਕਮੇ 'ਚ ਖਾਲੀ ਪਈਆਂ ਸੱਤ ਹਜ਼ਾਰ ਅਸਾਮੀਆਂ ਪਹਿਲ ਦੇ ਅਧਾਰ 'ਤੇ ਭਰੀਆਂ ਜਾਣ ਤਾਂ ਕਿ ਇਸ ਪ੍ਰਾਜੈਕਟ ਨੂੰ ਬਚਾਇਆ ਜਾ ਸਕੇ ਨਹੀਂ ਤਾਂ ਨੰਗਲ ਡੈਮ ਦਾ ਵੀ ਉਹ ਹੀ ਹਾਲ ਹੋਏਗਾ ਜੋ ਮਾਧੋਪੁਰ ਹੈੱਡ ਵਰਕਸ ਦਾ ਹੋਇਆ ਹੈ |