ਢੇਰ, 3 ਸਤੰਬਰ (ਸ਼ਿਵ ਕੁਮਾਰ ਕਾਲੀਆ)-ਕੱਲ੍ਹ ਰਾਤ ਨਜ਼ਦੀਕੀ ਪਿੰਡ ਦਬਟ ਦੀ ਨਹਿਰ ਪਟੜੀ ਨਜ਼ਦੀਕ ਬਰਸਾਤ ਦੇ ਪਾਣੀ ਨਾਲ ਪਏ ਪਾੜ ਦੀ ਖ਼ਬਰ ਜਿਵੇਂ ਹੀ ਇਲਾਕੇ ਦੇ ਵਿਚ ਫੈਲੀ ਸੈਂਕੜਿਆਂ ਦੀ ਗਿਣਤੀ ਦੇ ਵਿਚ ਨੌਜਵਾਨ ਮੌਕੇ ਤੇ ਪਹੁੰਚ ਕੇ ਨਹਿਰ ਨਜ਼ਦੀਕ ਪਏ ਪਾੜ ਨੂੰ ਪੂਰਨ ਦੀ ਅਣਥੱਕ ਕੋਸ਼ਿਸ਼ ਕਰਨ ਲੱਗ ਪਏ ਜਦੋਂ ਇਹ ਗੱਲ ਕੈਬਿਨਟ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਦੇ ਧਿਆਨ ਵਿਚ ਆਈ ਤਾਂ ਉਨ੍ਹਾਂ ਨੇ ਨਾ ਦੇਰੀ ਕਰਦੇ ਹੋਏ ਆਪਣੇ ਕਾਫ਼ਲੇ ਸਮੇਤ ਮੌਕੇ ਤੇ ਪਹੁੰਚ ਕੇ ਨੌਜਵਾਨਾਂ ਦੀ ਹੌਸਲਾ ਅਫਜ਼ਾਈ ਕਰਦੇ ਹੋਏ ਖ਼ੁਦ ਨੌਜਵਾਨਾਂ ਦੇ ਨਾਲ ਸਿਰ ਤੇ ਮਿੱਟੀ ਦੀਆਂ ਬੋਰੀਆਂ ਚੱਕ ਨਹਿਰ ਦੇ ਨਜ਼ਦੀਕ ਪਏ ਪਾੜ ਨੂੰ ਪੂਰਨ ਦੀ ਕੋਸ਼ਿਸ਼ ਕੀਤੀ ਅਤੇ ਸਮੂਹ ਨੌਜਵਾਨਾਂ ਦੇ ਸਹਿਯੋਗ ਦੇ ਨਾਲ ਦੇਰ ਰਾਤ ਨਹਿਰ ਦੇ ਇਸ ਪਾੜ ਨੂੰ ਪੂਰਨ ਵਿਚ ਸਫਲਤਾ ਹਾਸਲ ਕੀਤੀ ਇਸ ਮੌਕੇ ਤੇ ਗੱਲਬਾਤ ਕਰਦੇ ਹੋਏ ਕੈਬਿਨਟ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਭਾਵੇਂ ਕੁਦਰਤ ਵਲ਼ੋਂ ਲਗਾਤਾਰ ਕਹਿਰ ਵਰਸਾਇਆ ਜਾ ਰਿਹਾ ਹੈ ਪ੍ਰੰਤੂ ਉਹ ਇਸ ਮੁਸ਼ਕਿਲ ਦੀ ਘੜੀ ਦੇ ਵਿਚ ਇਲਾਕੇ ਦੇ ਲੋਕਾਂ ਦੇ ਨਾਲ ਚਟਾਨ ਵਾਂਗ ਖੜੇ ਹਨ ਉਨ੍ਹਾਂ ਕਿਹਾ ਕਿ ਜਦੋਂ ਉਹ ਇਲਾਕੇ ਦੇ ਅਜਿਹੇ ਹਾਲਾਤ ਵੇਖਦੇ ਹਨ ਤਾਂ ਉਹ ਭੁੱਲ ਜਾਂਦੇ ਹਨ ਕਿ ਉਹ ਮੰਤਰੀ ਨਹੀਂ, ਲੋਕਾਂ ਦੇ ਸੇਵਾਦਾਰ ਹਨ ਇਸ ਮੌਕੇ ਤੇ ਸਾਥੀਆਂ ਸਮੇਤ ਸਭ ਤੋਂ ਪਹਿਲਾ ਪਹੁੰਚੇ ਕਾਂਗਰਸ ਪਾਰਟੀ ਦੇ ਆਗੂ ਡਾਕਟਰ ਅੱਛਰ ਸ਼ਰਮਾ ਨੇ ਦੱਸਿਆ ਕਿ ਜਿਵੇਂ ਹੀ ਉਨ੍ਹਾਂ ਨੂੰ ਪਤਾ ਲੱਗਿਆ ਕਿ ਨਹਿਰ ਦੇ ਕਿਨਾਰੇ ਪਾੜ ਪੈ ਗਿਆ ਹੈ ਤਾਂ ਉਹ ਆਪਣੇ ਸਾਥੀਆਂ ਸਮੇਤ ਪਹੁੰਚ ਕੇ ਪਾੜ ਨੂੰ ਪੂਰਨ ਲਈ ਡਟ ਗਏ ਇਸ ਮੌਕੇ ਤੇ ਭਾਜਪਾ ਪਾਰਟੀ ਭਨੂਪਲੀ ਦੇ ਮੰਡਲ ਪ੍ਰਧਾਨ ਮੋਹਿਤ ਸ਼ਰਮਾ, ਅਕਾਲੀ ਦਲ ਤੋਂ ਦਵਿੰਦਰ ਸਿੰਘ ਸੂਰੇਵਾਲ ਸਾਥੀਆਂ ਸਮੇਤ ਪਹੁੰਚ ਕੇ ਨਹਿਰ ਦੇ ਪਾੜ ਨੂੰ ਪੂਰਨ ਵਿਚ ਸਹਿਯੋਗ ਕਰਨ ਵਿਚ ਡਟ ਗਏ | ਇਸ ਮੌਕੇ ਤੇ ਸਰਪੰਚ ਭਗਵੰਤ ਸਿੰਘ ਅਟਵਾਲ, ਨੰਬਰਦਾਰ ਰਾਮ ਕੁਮਾਰ ਕਾਲੀਆ, ਨਿਤਿਨ ਸ਼ਰਮਾ ਤੋ ਇਲਾਵਾ ਥਾਣਾ ਅਨੰਦਪੁਰ ਸਾਹਿਬ ਤੋਂ ਪੁਲਿਸ ਮੁਖੀ ਦਾਨੇਸ਼ ਸਿੰਘ ਅਤੇ ਪ੍ਰਸ਼ਾਸਨ ਅਧਿਕਾਰੀ ਮੌਜੂਦ ਸਨ |