ਨੂਰਪੁਰ ਬੇਦੀ, 3 ਸਤੰਬਰ (ਵਿੰਦਰਪਾਲ ਝਾਂਡੀਆਂ)-ਜ਼ਿਲ੍ਹਾ ਰੂਪਨਗਰ ਵਿਚ ਹੜ੍ਹ ਵਰਗੇ ਹਾਲਤਾਂ ਨਾਲ ਨਜਿੱਠਣ ਲਈ ਜਿੱਥੇ ਸਾਰੇ ਵਰਗ, ਪ੍ਰਸ਼ਾਸਨ, ਜਥੇਬੰਦੀਆਂ ਦਿਨ ਰਾਤ ਡਟੀਆਂ ਹੋਈਆਂ ਹਨ ਉੱਥੇ ਹੀ ਨੂਰਪੁਰ ਬੇਦੀ ਇਲਾਕੇ ਦੇ ਸੈਂਕੜੇ ਨੌਜਵਾਨਾਂ ਨੇ ਵੀ ਪੀੜਤ ਲੋਕਾਂ ਦਾ ਵੱਡਾ ਸਹਾਰਾ ਬਣਕੇ ਰਾਹਤ ਕਾਰਜਾਂ ਦੀ ਮਿਸਾਲ ਕਾਇਮ ਕਰ ਦਿੱਤੀ ਹੈ | ਕਿੱਲਾ ਅਨੰਦਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਦੇ ਸੇਵਾਦਾਰ ਬਾਬਾ ਸਤਨਾਮ ਸਿੰਘ ਜੀ ਦੀ ਇੱਕ ਅਪੀਲ ਤੇ ਬੱਡਲ ਸਥਿਤ ਲੰਗਰ ਹਾਲ ਅਤੇ ਸ੍ਰੀ ਅਨੰਦਪੁਰ ਸਾਹਿਬ ਹਾਈਡਲ ਤੇ ਨੰਗਲ ਫੀਡਰ ਨਹਿਰ ਦੇ ਕਈ ਸਥਾਨਾਂ ਤੋਂ ਲਾਹੇ ਧਸਣ ਦੀ ਬਣੀ ਹੋਈ ਚਿੰਤਾਜਨਕ ਸਥਿਤੀ ਨੂੰ ਮੁੜ ਲੀਹ ਤੇ ਲਿਆਉਣ ਲਈ ਪੂਰਾ ਇਲਾਕੇ ਤੇ ਨੌਜਵਾਨ ਨਿਰੰਤਰ ਕਾਰ ਸੇਵਾ ਦੇ ਰਾਹਤ ਕਾਰਜ ਵਿਚ ਡਟ ਹੋਏ ਹਨ | ਨੂਰਪੁਰ ਬੇਦੀ ਰੂਪਨਗਰ ਮਾਰਗ ਅਤੇ ਨਹਿਰਾਂ ਦੇ ਲਾਗੇ ਪੈ ਰਹੇ ਪਾੜ ਨੂੰ ਰੋਕਣ ਲਈ , ਬਿਲਡਿੰਗਾਂ ਨੂੰ ਬਚਾਉਣ ਲਈ ਨੂਰਪੁਰ ਬੇਦੀ ਇਲਾਕੇ ਦੇ ਪਿੰਡ ਅਸਮਾਨਪੁਰ ਲਾਗੇ ਵੱਡੀ ਗਿਣਤੀ 'ਚ ਨੌਜਵਾਨ ਮਿੱਟੀ ਨੂੰ ਬੋਰੀਆਂ ਵਿਚ ਭਰ ਕੇ ਗੱਟੇ ਤਿਆਰ ਕਰ ਰਹੇ ਹਨ | ਇਸ ਮੁਹਿੰਮ ਵਿਚ ਦੌਰਾਨ ਸ਼੍ਰੀ ਅਨੰਦਪੁਰ ਸਾਹਿਬ ਦੇ ਅਨੇਕਾਂ ਚਿੰਤਾਜਨਕ ਪੁਆਇੰਟਾਂ ਤੇ ਕਿੱਲਾ ਸ਼੍ਰੀ ਅਨੰਦਗੜ੍ਹ ਸਾਹਿਬ ਦੇ ਸੇਵਾਦਾਰ ਦੇ ਨਾਲ ਪੰਜਾਬ ਮੋਰਚਾ ਦੇ ਕਨਵੀਨਰ ਗੌਰਵ ਰਾਣਾ ਵੱਲੋਂ ਪੂਰੀ ਯੋਜਨਾਬੱਧ ਤਰੀਕੇ ਨਾਲ ਨੂਰਪੁਰ ਬੇਦੀ ਇਲਾਕੇ ਦੇ ਸਾਥੀਆਂ ਨਾਲ ਤਾਲਮੇਲ ਬਣਾ ਕੇ ਰਾਹਤ ਸਮਗਰੀ ਵੱਖ ਵੱਖ ਪੁਆਇੰਟਾਂ ਤੇ ਮੰਗਵਾਈ ਗਈ | ਨੂਰਪਰ ਬੇਦੀ ਲਾਗੇ ਪਿੰਡ ਅਸਮਾਨਪੁਰ ਵਿਖੇ ਮਿੱਟੀ ਭਰਨ ਦੌਰਾਨ ਚੌਧਰੀ ਨਰੇਸ਼ ਕਾਂਗੜ, ਰਣਵੀਰ ਸਿੰਘ ਕੁਰੜ, ਵੀਰ ਸਿੰਘ ਬੜਵਾ ,ਸੁਖਵਿੰਦਰ ਸਿੰਘ ਬੜਵਾ, ਧਰਮਪਾਲ ਸੈਣੀਮਾਜਰਾ, ਜਸਵੀਰ ਸਿੰਘ ਨਲਹੋਟੀ, ਹਰਜਾਪ ਸਿੰਘ ਬੰਗਾ ,ਗੁਰਵਿੰਦਰ ਸਿੰਘ ਜਵੰਦਾ, ਹਰਦਿਆਲ ਸਿੰਘ ਖਟੜਾ, ਬਲਵੀਰ ਸਿੰਘ ਬੜਵਾ, ਬਲਵੀਰ ਸਿੰਘ ਥਾਣਾ ਸਮੇਤ ਵੱਡੀ ਗਿਣਤੀ 'ਚ ਨੌਜਵਾਨ ਰਾਹਤ ਕਾਰਜਾਂ ਦੌਰਾਨ ਵੱਖ ਵੱਖ ਪ੍ਰਕਾਰ ਦੀਆਂ ਦਿਨ ਰਾਤ ਸੇਵਾਵਾਂ ਨਿਭਾ ਰਹੇ ਹਨ | ਇਲਾਕੇ ਦੇ ਇਹ ਨੌਜਵਾਨਾਂ ਨੇ ਆਪਣੇ ਕੋਲੋਂ ਟਰੈਕਟਰਾਂ ਵਿਚ ਤੇਲ ਪਾ ਕੇ ਤੇ ਸਾਰੀ ਸਮਗਰੀ ਨਿਰੰਤਰ ਪਹੁੰਚਾ ਰਹੇ ਹਨ | ਪਿੰਡ ਠਾਣਾ ਦੀਆਂ ਸੰਗਤਾਂ ਸਮੇਤ ਕਈ ਸਥਾਨਾਂ ਤੋਂ ਨਿਰੰਤਰ ਲੰਗਰ ਤੇ ਹੋਰ ਖਾਣ ਪੀਣ ਦੇ ਪਦਾਰਥਾਂ ਦੀ ਸੇਵਾ ਕੀਤੀ ਜਾ ਰਹੀ ਹੈ | ਇਸ ਮੋਕੇ ਤੇ ਗੱਲਬਾਤ ਕਰਦਿਆਂ ਜੁਝਾਰੂ ਨੌਜਵਾਨ ਆਗੂਆਂ ਨੇ ਕਿਹਾ ਕਿ ਪੰਜਾਬ ਦਾ ਇਤਿਹਾਸ ਮੁਸੀਬਤ ਵੇਲੇ ਮੁਸੀਬਤ ਤੋਂ ਭੱਜ ਕੇ ਦੂਰ ਹੋ ਜਾਣਾ ਨਹੀਂ, ਬਲਕਿ ਮੁਸੀਬਤ ਵੱਲ ਭੱਜ ਕੇ ਉਸਨੂੰ ਭਜਾਉਣਾ ਹੈ | ਸੋ ਮਾਲਕ ਮਿਹਰ ਭਰਿਆ ਹੱਥ ਰੱਖੇ ਜਦੋਂ ਤੱਕ ਇਹ ਤ੍ਰਾਸਦੀ ਟੱਲ ਨਹੀਂ ਜਾਂਦੀ ਉਦੋਂ ਤੱਕ ਇਹ ਰਾਹਤ ਕਾਰਜ ਨਿਰੰਤਰ ਜਾਰੀ ਰਹਿਣਗੇ |