ਪੁਰਖਾਲੀ, 21 ਸਤੰਬਰ (ਅੰਮਿ੍ਤਪਾਲ ਸਿੰਘ ਬੰਟੀ)-ਯੂਥ ਵੈੱਲਫੇਅਰ ਕਲੱਬ ਮੀਆਂਪੁਰ ਵਲੋਂ ਜ਼ਿਮੀਂਦਾਰਾ ਖੇਤੀਬਾੜੀ ਸੈਂਟਰ, ਡਾ. ਗੁਰਸੇਵਕ ਕਲੀਨਿਕ, ਪੰਜਾਬ ਡੇਅਰੀ, ਜੀ. ਐੱਸ. ਖੇਡ ਸਮਾਨ ਅਤੇ ਮਾਈਕਰੋ ਲੈਬ ਦੀ ਸਪਾਂਸਰਸ਼ਿਪ ਹੇਠ ਪਹਿਲੀ ਹਾਫ ਮੈਰਾਥਨ ਕਰਵਾਈ ਗਈ | ਖੇਤਰ ਦੇ ਸੈਂਕੜੇ ਨੌਜਵਾਨਾਂ ਨੇ ਇਸ ਦੌੜ ਵਿਚ ਉਤਸ਼ਾਹ ਨਾਲ ਭਾਗ ਲਿਆ | ਇਸ ਸਮਾਗਮ 'ਚ ਹਲਕਾ ਰੂਪਨਗਰ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਮੁੱਖ ਮਹਿਮਾਨ ਦੇ ਤੌਰ 'ਤੇ ਸ਼ਿਰਕਤ ਕੀਤੀ | ਵਿਧਾਇਕ ਚੱਢਾ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਨੌਜਵਾਨ ਕਿਸੇ ਵੀ ਰਾਸ਼ਟਰ ਦੀ ਅਸਲੀ ਤਾਕਤ ਹੁੰਦੇ ਹਨ | ਖੇਡਾਂ ਨਾਲ ਜੁੜ ਕੇ ਨੌਜਵਾਨ ਨਸ਼ਿਆਂ ਤੋਂ ਦੂਰ ਰਹਿੰਦੇ ਹਨ ਤੇ ਸਿਹਤਮੰਦ ਜੀਵਨ ਜੀ ਸਕਦੇ ਹਨ | ਇਸ ਮੌਕੇ ਉੱਚੇਚੇ ਮਹਿਮਾਨਾਂ ਦੇ ਤੌਰ 'ਤੇ ਜਸਬੀਰ ਸਿੰਘ ਮੰਡ, ਜਗਜੀਵਨ ਸਿੰਘ ਗਿੱਲ (ਡੀ.ਐੱਸ.ਓ.) ਤੇ ਐਡਵੋਕੇਟ ਅਮਨਦੀਪ ਸਿੰਘ ਵੀ ਸ਼ਾਮਲ ਹੋਏ | ਇਸ ਮੌਕੇ ਪਿੰਡ ਵਾਸੀਆਂ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਖੇਡ ਮੁਕਾਬਲੇ ਨਾ ਸਿਰਫ਼ ਨੌਜਵਾਨਾਂ ਵਿਚ ਜੋਸ਼ ਪੈਦਾ ਕਰਦੇ ਹਨ, ਬਲਕਿ ਪਿੰਡ ਦੇ ਸਮੁੱਚੇ ਵਾਤਾਵਰਣ ਨੂੰ ਵੀ ਸਿਹਤਮੰਦ ਬਣਾਉਂਦੇ ਹਨ | ਪ੍ਰੋਗਰਾਮ ਦੇ ਪ੍ਰਬੰਧਕਾਂ ਵਲੋਂ ਦੌੜ 'ਚ ਸ਼ਾਮਿਲ ਲੋਕਾਂ ਤੇ ਆਈਆਂ ਸਖਸ਼ੀਅਤਾਂ ਦਾ ਧੰਨਵਾਦ ਕੀਤਾ |