ਮੋਰਿੰਡਾ 24 ਸਤੰਬਰ (ਪਿ੍ਤਪਾਲ ਸਿੰਘ)-ਨਜ਼ਦੀਕੀ ਪਿੰਡ ਰਤਨਗੜ੍ਹ ਵਿਖੇ ਮੁੱਖ ਖੇਤੀਬਾੜੀ ਅਫ਼ਸਰ ਜ਼ਿਲ੍ਹਾ ਰੂਪਨਗਰ ਡਾ. ਗੁਰਮੇਲ ਸਿੰਘ ਦੀ ਅਗਵਾਈ ਹੇਠ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਬਲਾਕ ਮੋਰਿੰਡਾ ਵਲੋਂ ਸੀ.ਆਰ.ਐਮ ਸਕੀਮ ਅਧੀਨ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਅਤੇ ਪਰਾਲੀ ਦੇ ਸੁਚੱਜੇ ਪ੍ਰਬੰਧਨ ਲਈ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ | ਇਸ ਕੈਂਪ ਦੀ ਪ੍ਰਧਾਨਗੀ ਉਪ ਮੰਡਲ ਮੈਜਿਸਟਰੇਟ ਮੋਰਿੰਡਾ ਸੁਖਪਾਲ ਸਿੰਘ ਵਲੋਂ ਕੀਤੇ ਗਈ | ਇਸ ਮੌਕੇ ਐੱਸ.ਡੀ.ਐੱਮ. ਸੁਖਪਾਲ ਸਿੰਘ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਪਰਾਲੀ ਦੀ ਸਾਂਭ ਸੰਭਾਲ ਲਈ ਕਿਸਾਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਪ੍ਰਸ਼ਾਸਨ ਉਨ੍ਹਾਂ ਦੀ ਹਰ ਸੰਭਵ ਸਹਾਇਤਾ ਕਰਨ ਲਈ ਤਿਆਰ ਹੈ | ਉਨਾਂ ਅਪੀਲ ਕੀਤੀ ਕਿ ਕਿਸਾਨ ਇਸ ਵਾਰ ਪਰਾਲੀ ਨੂੰ ਬਿਨਾਂ ਅੱਗ ਲਗਾਏ ਉਸਦੀ ਸਾਂਭ ਸੰਭਾਲ ਕਰਨ | ਉਨ੍ਹਾਂ ਦੱਸਿਆ ਕਿ ਖੇਤੀਬਾੜੀ ਵਿਭਾਗ ਵਲੋਂ ਦਿੱਤੇ ਗਏ ਸਬਸਿਡੀ ਤੇ ਮਸੀਨਰੀ ਜਿਵੇਂ ਕਿ ਸੁਪਰ ਸੀਡਰ, ਬਲੇਰ ਆਦਿ ਮਸ਼ੀਨ ਮਾਲਕਾਂ ਨਾਲ ਮੀਟਿੰਗ ਵੀ ਕੀਤੀ ਜਾ ਰਹੀ ਹੈ ਤਾਂ ਜੋ ਸਮੇ ਸਿਰ ਪਰਾਲੀ ਦਾ ਪ੍ਰਬੰਧ ਹੋ ਸਕੇ | ਇਸ ਮੌਕੇ ਤੇ ਡਾ. ਇਕਬਾਲਪ੍ਰੀਤ ਸਿੰਘ ਖੇਤੀਬਾੜੀ ਵਿਕਾਸ ਅਫ਼ਸਰ ਵਲੋਂ ਕਿਸਾਨਾਂ ਨੂੰ ਸੀ.ਆਰ.ਐੱਮ. ਸਕੀਮ ਅਧੀਨ ਦਿੱਤੀ ਜਾ ਰਹੀ ਮਸ਼ੀਨਾਂ ਤੇ ਸਬਸਿਡੀ ਬਾਰੇ ਜਾਗਰੂਕ ਕੀਤਾ ਅਤੇ ਪਰਾਲੀ ਨੂੰ ਅੱਗ ਲਗਾਉਣ ਨਾਲ ਹੋਣ ਵਾਲੇ ਵਾਤਾਵਰਣ ਅਤੇ ਮਿੱਟੀ ਤੇ ਮਾੜੇ ਪ੍ਰਭਾਵ ਬਾਰੇ ਜਾਗਰੂਕ ਕੀਤਾ | ਇਸ ਮੌਕੇ ਤੇ ਜਸਪ੍ਰੀਤ ਸਿੰਘ ਕਲਸੀ, ਪਵਿੱਤਰ ਸਿੰਘ ਖੇਤੀਬਾੜੀ ਉਪਰਿਖਕ, ਦਲਜੀਤ ਸਿੰਘ ਏ.ਟੀ.ਐੱਮ., ਹਰਜੀਤ ਸਿੰਘ, ਗੁਰਿੰਦਰ ਸਿੰਘ, ਸਰਪੰਚ ਸੁਖਚੈਨ ਸਿੰਘ, ਤਜਿੰਦਰ ਸਿੰਘ, ਸੰਦੀਪ ਸਿੰਘ ਤੇ ਭਾਰੀ ਗਿਣਤੀ ਵਿਚ ਕਿਸਾਨ ਹਾਜ਼ਰ ਸਨ |