ਸ੍ਰੀ ਅਨੰਦਪੁਰ ਸਾਹਿਬ, 19 ਅਕਤੂਬਰ (ਜੇ ਐਸ ਨਿੱਕੂਵਾਲ)-ਇੱਥੋਂ ਦੇ ਮੁਹੱਲਾ ਬੜੀ ਸਰਕਾਰ, ਵਾਰਡ ਨੰਬਰ 7 ਦੇ ਵਸਨੀਕਾਂ ਵਲੋਂ ਸ਼ਹਿਰ ਅੰਦਰ ਵੱਡੀਆਂ ਗੱਡੀਆਂ ਦੇ ਆਉਣ ਸਬੰਧੀ ਇੱਕ ਮੰਗ ਪੱਤਰ ਚੌਂਕੀ ਇੰਚਾਰਜ ਸ੍ਰੀ ਅਨੰਦਪੁਰ ਸਾਹਿਬ ਨੂੰ ਦਿੱਤਾ ਗਿਆ | ਇਸ ਮੌਕੇ ਮੁਹੱਲਾ ਵਾਸੀਆਂ ਨੇ ਮੰਗ ਕੀਤੀ ਕਿ ਉਨ੍ਹਾਂ ਦੇ ਮੁਹੱਲਾ ਅੰਦਰ 4 ਤੋਂ 5 ਥੋਕ ਦੇ ਗੋਦਾਮ ਚੱਲ ਰਹੇ ਹਨ | ਜਿੱਥੇ ਰੋਜ਼ਾਨਾ ਵੱਡੀਆਂ ਗੱਡੀਆਂ ਸਮਾਨ ਦੀ ਢੋਅ-ਢੁਆਈ ਲਈ ਆਉਂਦੀਆਂ ਹਨ | ਜਿਸ ਕਾਰਨ ਮੁਹੱਲੇ ਅੰਦਰ ਜਾਮ ਦੀ ਸਥਿਤੀ ਬਣ ਜਾਂਦੀ ਹੈ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਹਮੇਸ਼ਾ ਖ਼ਤਰਾ ਬਣਿਆ ਰਹਿੰਦਾ ਹੈ | ਉਨ੍ਹਾਂ ਕਿਹਾ ਕਿ ਗਲੀ ਦੀ ਹਾਲਤ ਖਸਤਾ ਹੋਣ ਕਾਰਨ ਅਕਸਰ ਭਾਰੀ ਵਾਹਨ ਇੱਥੇ ਫਸ ਜਾਂਦੇ ਹਨ | ਉਨ੍ਹਾਂ ਅੱਗੇ ਕਿਹਾ ਕਿ ਵੱਡੀਆਂ ਗੱਡੀਆਂ ਕਾਰਨ ਅਕਸਰ ਗਲੀਆਂ, ਨਾਲੀਆਂ, ਸੀਵਰੇਜ, ਬਿਜਲੀ ਦੇ ਮੀਟਰ ਅਤੇ ਘਰਾਂ ਨੂੰ ਕਾਫ਼ੀ ਨੁਕਸਾਨ ਪਹੁੰਚਦਾ ਹੈ | ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਨੂੰ ਐਮਰਜੈਂਸੀ ਦੀ ਸਥਿਤੀ ਵਿਚ ਕਿਧਰੇ ਜਾਣਾ ਹੋਵੇ ਤਾਂ ਉਨ੍ਹਾਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਦਾ ਹੈ | ਮੁਹੱਲਾ ਵਾਸੀਆਂ ਨੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਤੋਂ ਵੀ ਮੰਗ ਕੀਤੀ ਕਿ ਜਲਦੀ ਇਸ ਸਮੱਸਿਆ ਵੱਲ ਧਿਆਨ ਦੇ ਕੇ ਉਨ੍ਹਾਂ ਨੂੰ ਇਸ ਪ੍ਰੇਸ਼ਾਨੀ ਤੋਂ ਬਚਾਇਆ ਜਾਵੇ | ਇਸ ਸਬੰਧੀ ਚੌਂਕੀ ਇੰਚਾਰਜ ਜਸਮੇਰ ਸਿੰਘ ਨੇ ਗੱਲ ਕਰਨ ਤੇ ਦੱਸਿਆ ਕਿ ਉਨ੍ਹਾਂ ਕੋਲ ਸ਼ਿਕਾਇਤ ਪਹੁੰਚ ਚੁੱਕੀ ਹੈ ਅਤੇ ਮੌਕਾ ਦੇਖ ਕੇ ਜਾਇਜ਼ਾ ਲਿਆ ਜਾਵੇਗਾ ਤੇ ਮਸਲੇ ਦਾ ਹੱਲ ਕਰ ਦਿੱਤਾ ਜਾਵੇਗਾ | ਇਸ ਮੌਕੇ ਕਮਲਜੀਤ ਕੌਰ, ਮਨਪ੍ਰੀਤ ਕੌਰ, ਤਰਸੇਮ ਸਿੰਘ, ਅਵਤਾਰ ਸਿੰਘ, ਅਮਰੀਕ ਸਿੰਘ, ਗੁਰਪ੍ਰੀਤ ਸਿੰਘ, ਮਨਜੀਤ ਸਿੰਘ, ਜ਼ਸਵਿੰਦਰ ਸਿੰਘ, ਭੁਪਿੰਦਰ ਸਿੰਘ, ਰੀਨਾ, ਜ਼ਸਵੀਰ ਸਿੰਘ, ਨਰੇਸ਼ ਕੁਮਾਰ, ਦਵਿੰਦਰ ਕੁਮਾਰ, ਲਖਵਿੰਦਰ ਸਿੰਘ, ਸਤਵਿੰਦਰ ਕੌਰ, ਮਨਜੀਤ ਕੌਰ, ਕੁਲਦੀਪ ਸਿੰਘ, ਆਦਿ ਹਾਜ਼ਰ ਸਨ |