ਸ੍ਰੀ ਅਨੰਦਪੁਰ ਸਾਹਿਬ, 31 ਅਕਤੂਬਰ (ਜੇ ਐਸ ਨਿੱਕੂਵਾਲ)-ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾਂ ਸ਼ਹੀਦੀ ਸ਼ਤਾਬਦੀ ਮੌਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਪੁਲਿਸ ਵਲੋਂ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕੀਤੇ ਜਾਣਗੇ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਏ. ਡੀ. ਜੀ. ਪੀ. ਅਰਪਿਤ ਸ਼ੁਕਲਾ ਨੇ ਕੀਤਾ | ਉਨ੍ਹਾਂ ਦੱਸਿਆ ਕਿ ਇਨ੍ਹਾਂ ਸਮਾਗਮਾਂ ਵਿਚ 50 ਲੱਖ ਤੋਂ ਵੀ ਵੱਧ ਸ਼ਰਧਾਲੂਆਂ ਦੇ ਪੁੱਜਣ ਦੀ ਉਮੀਦ ਹੈ | ਇਸ ਤੋਂ ਬਿਨਾਂ ਦੇਸ ਭਰ ਵਿਚੋਂ ਪ੍ਰਮੁੱਖ ਸ਼ਖ਼ਸੀਅਤਾਂ ਅਤੇ ਧਾਰਮਿਕ ਸੰਸਥਾਵਾਂ ਦੇ ਨੁਮਾਇੰਦੇ ਵੀ ਹਾਜ਼ਰੀ ਭਰਨਗੇ | ਉਨ੍ਹਾਂ ਕਿਹਾ ਕਿ ਗੁਰਦੁਆਰਾ ਸੀਸ ਗੰਜ ਸਾਹਿਬ ਅਤੇ ਭੋਰਾ ਸਾਹਿਬ ਨੂੰ 'ਨੋ ਟ੍ਰੈਫਿਕ ਜ਼ੋਨ' ਐਲਾਨਿਆ ਗਿਆ ਹੈ | ਇਸ ਤੋਂ ਬਿਨਾਂ ਇਕ ਤਰਫ਼ਾਂ ਆਵਾਜਾਈ ਦਾ ਪ੍ਰਬੰਧ ਵੀ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਹੋਲਾ ਮੁਹੱਲਾ ਤੋਂ ਦੁੱਗਣੇ ਪ੍ਰਬੰਧ ਕੀਤੇ ਗਏ ਹਨ, ਜਿਸ ਲਈ 30 ਪਾਰਕਿੰਗਾਂ ਅਤੇ 100 ਏਕੜ ਜ਼ਮੀਨ ਨੂੰ ਇਸ ਕਾਰਜ ਲਈ ਰੱਖਿਆ ਗਿਆ ਹੈ | ਉਨ੍ਹਾਂ ਦੱਸਿਆ ਕਿ ਸ਼ਹਿਰ ਅੰਦਰ ਸੀ. ਸੀ. ਟੀ. ਵੀ. ਕੈਮਰੇ ਲਗਾਏ ਜਾਣਗੇ, ਤਾਂ ਜੋ ਸਮਾਜ ਵਿਰੋਧੀ ਅਨਸਰਾਂ ਨੂੰ ਪਹਿਚਾਣ ਕਰਕੇ ਨਕੇਲ ਪਾਈ ਜਾ ਸਕੇ | ਇਸ ਤੋਂ ਬਿਨਾਂ ਸੰਗਤਾਂ ਦੀ ਭੀੜ ਵਾਲੇ ਸਥਾਨਾਂ, ਗੁਰਦੁਆਰਿਆਂ, ਪਾਰਕਿੰਗ ਅਤੇ ਮੁੱਖ ਰਸਤਿਆਂ ਤੇ ਚੌਕਸੀ ਰੱਖੀ ਜਾਵੇਗੀ | ਅਤੇ ਨਾਲ ਹੀ ਡ੍ਰੋਨ ਕੈਮਰਿਆਂ ਸਮੇਤ ਤਕਨੀਕੀ ਸਾਧਨਾਂ ਦੀ ਵਰਤੋਂ ਵੀ ਕੀਤੀ ਜਾਵੇਗੀ | ਉਨ੍ਹਾਂ ਦੱਸਿਆ ਕਿ 21 ਤੋਂ 29 ਨਵੰਬਰ ਤੱਕ ਚੱਲਣ ਵਾਲੇ ਇਨ੍ਹਾਂ ਸਮਾਗਮਾਂ ਲਈ 10 ਹਜਾਰ ਦੇ ਕਰੀਬ ਪੁਲਿਸ ਮੁਲਾਜ਼ਮ ਅਤੇ 9 ਜ਼ੋਨ ਬਣਾ ਕੇ ਆਵਾਜਾਈ ਨੂੰ ਕੰਟਰੋਲ ਕੀਤਾ ਜਾਵੇਗਾ | ਇਸ ਤੋਂ ਬਿਨਾਂ ਏ. ਡੀ. ਜੀ. ਪੀ. ਸ਼ੁਕਲਾ ਵਲੋਂ ਸ਼ਤਾਬਦੀ ਸਮਾਗਮਾਂ ਸਬੰਧੀ ਸਮੀਖਿਆ ਮੀਟਿੰਗ ਵੀ ਕੀਤੀ ਗਈ, ਜਿਸ ਵਿਚ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਬਾਅਦ ਵਿਚ ਸਮੂਹ ਅਧਿਕਾਰੀਆਂ ਵਲੋਂ ਭਾਈ ਜੈਤਾ ਜੀ ਯਾਦਗਾਰ ਸਮੇਤ ਸ਼ਤਾਬਦੀ ਖੇਤਰ ਦਾ ਦੌਰਾ ਵੀ ਕੀਤਾ ਗਿਆ | ਇਸ ਮੌਕੇ ਡੀ. ਆਈ. ਜੀ. ਨਾਨਕ ਸਿੰਘ, ਜ਼ਿਲ੍ਹਾ ਪੁਲਿਸ ਮੁਖੀ ਗੁਲਨੀਤ ਸਿੰਘ ਖੁਰਾਣਾ, ਐੱਸ. ਪੀ. ਅਰਵਿੰਦ ਮੀਨਾ ਤੋਂ ਇਲਾਵਾ ਹੋਰ ਅਧਿਕਾਰੀ ਵੀ ਮੌਜੂਦ ਸਨ |