ਸ੍ਰੀ ਅਨੰਦਪੁਰ ਸਾਹਿਬ, 31 ਅਕਤੂਬਰ (ਜੇ ਐਸ ਨਿੱਕੂਵਾਲ)-ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਵਲੋਂ ਚਰਨ ਗੰਗਾ ਸਟੇਡੀਅਮ ਵਿਖੇ ਰੋਸ਼ਨੀ ਅਤੇ ਆਵਾਜ਼ ਸਮਾਗਮ ਦੀਆਂ ਅਗਾਓ ਤਿਆਰੀਆਂ ਸਬੰਧੀ ਜਾਇਜ਼ਾ ਲਿਆ ਗਿਆ | ਇਹ ਸਮਾਗਮ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾਂ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਹੋਵੇਗਾ | ਇਸ ਮੌਕੇ ਡਿਪਟੀ ਕਮਿਸ਼ਨਰ ਵਾਲੀਆ ਨੇ ਰੋਸ਼ਨੀ ਅਤੇ ਆਵਾਜ਼ ਸਮਾਗਮ ਦੌਰਾਨ ਪਹੁੰਚਣ ਵਾਲੇ ਹਜ਼ਾਰਾ ਸ਼ਰਧਾਲੂਆਂ ਦੀ ਸਹੂਲਤ ਲਈ ਕੀਤੇ ਜਾਣ ਵਾਲੇ ਪ੍ਰਬੰਧਾਂ ਦਾ ਜਾਇਜ਼ਾ ਲਿਆ | ਉਨ੍ਹਾਂ ਨੇ ਚਰਨ ਗੰਗਾ ਸਟੇਡੀਅਮ ਨੇੜੇ ਵਾਹਨਾਂ ਦੀ ਪਾਰਕਿੰਗ ਅਤੇ ਆਉਣ ਜਾਣ ਵਾਲੇ ਰਸਤਿਆਂ ਤੇ ਰੌਸ਼ਨੀ ਦੇ ਪ੍ਰਬੰਧ, ਸਟੇਡੀਅਮ ਵਿਚ ਪੀਣ ਵਾਲੇ ਪਾਣੀ, ਬੈਰੀਕੇਡਿੰਗ ਅਤੇ ਸ਼ਰਧਾਲੂਆਂ ਦੀ ਸਹੂਲਤ ਲਈ ਕੀਤੇ ਜਾਣ ਵਾਲੇ ਪ੍ਰਬੰਧਾਂ ਦੀ ਸਮੀਖਿਆ ਕੀਤੀ | ਉਨ੍ਹਾ ਨੇ ਦੱਸਿਆ ਕਿ ਰੌਸ਼ਨੀ ਅਤੇ ਆਵਾਜ਼ ਦਾ ਸਮਾਗਮ ਕਰਵਾਉਣ ਲਈ ਪੂਰੀਆਂ ਤਿਆਰੀਆਂ ਕੀਤੀਆਂ ਗਈਆਂ ਹਨ | ਇਸ ਤੋ ਇਲਾਵਾ ਹੋਰ ਬਹੁਤ ਸਾਰੇ ਵਿਸ਼ੇਸ਼ ਧਾਰਮਿਕ ਸਮਾਗਮ ਗੁਰੂ ਨਗਰੀ ਵਿਖੇ ਕੀਤੇ ਜਾ ਰਹੇ ਹਨ | ਜਿਨ੍ਹਾਂ ਦੀਆਂ ਤਿਆਰੀਆਂ ਚੱਲ ਰਹੀਆਂ ਹਨ | ਇਸ ਮੌਕੇ ਉਪ ਮੰਡਲ ਮੈਜਿਸਟੇ੍ਰਟ ਜਸਪ੍ਰੀਤ ਸਿੰਘ ਵਲੋਂ ਡਿਪਟੀ ਕਮਿਸ਼ਨਰ ਵਾਲੀਆ ਨੂੰ ਸਮੁੱਚੇ ਸਮਾਗਮ ਦੀ ਰੂਪ ਰੇਖਾ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਸਮਾਗਮ ਬਹੁਤ ਹੀ ਸ਼ਰਧਾ ਨਾਲ ਕਰਵਾਏ ਜਾ ਰਹੇ ਹਨ | ਇਸ ਮੌਕੇ ਸੈਰ ਸਪਾਟਾ ਵਿਭਾਗ ਦੇ ਧਰਮਪਾਲ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ |