ਮੋਰਿੰਡਾ, 31 ਅਕਤੂਬਰ (ਤਰਲੋਚਨ ਸਿੰਘ ਕੰਗ)-ਪਿਛਲੇ ਲਗਪਗ 20 ਦਿਨਾਂ ਤੋਂ ਮੋਰਿੰਡਾ ਇਲਾਕੇ ਦੀਆਂ ਮੋਟਰਾਂ 'ਤੇ ਬਿਜਲੀ ਸਪਲਾਈ ਦਾ ਬਹੁਤ ਮੰਦਾ ਹਾਲ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪਰਵਿੰਦਰ ਸਿੰਘ ਚਲਾਕੀ, ਹਰਚੰਦ ਸਿੰਘ ਡੂਮਛੇੜੀ, ਬਹਾਦਰ ਸਿੰਘ ਖੈਰਪੁਰ, ਬਲਦੀਪ ਸਿੰਘ ਸੰਗਤਪੁਰਾ, ਹਰਬੰਸ ਸਿੰਘ ਦਤਾਰਪੁਰ ਨੇ ਦੱਸਿਆ ਕਿ ਵੈਸੇ ਤਾਂ ਮੋਟਰਾਂ ਤੇ ਬਿਜਲੀ ਦੀ ਸਪਲਾਈ ਕਾਫ਼ੀ ਵਧੀਆ ਆ ਰਹੀ ਸੀ, ਪਰ ਅਚਾਨਕ ਹੀ 20 ਦਿਨਾਂ ਤੋਂ ਸਿਰਫ਼ 5 ਘੰਟੇ ਬਿਜਲੀ ਆਉਣ ਲੱਗ ਗਈ ਹੈ, ਜਿਸ ਕਾਰਨ ਕਣਕ ਬੀਜਣ ਵਾਲੇ ਖੇਤਾਂ ਵਿਚ ਰੌਣੀ ਦਾ ਕੰਮ ਲੇਟ ਹੋ ਰਿਹਾ ਹੈ, ਤੇ ਕਣਕ ਦੀ ਬਿਜਾਈ ਦਾ ਕੰਮ ਵੀ ਲੇਟ ਹੋ ਜਾਵੇਗਾ | ਹਰਚੰਦ ਸਿੰਘ ਡੂਮਛੇੜੀ ਨੇ ਦੱਸਿਆ ਕਿ ਕਜੌਲੀ ਫੀਡਰ ਦੀ ਬਿਜਲੀ ਜੋ ਕਿਸਾਨਾਂ ਦੀ ਮੋਟਰਾਂ ਤੇ ਜਾ ਰਹੀ ਹੈ | ਉਹ ਸਿਰਫ਼ 5 ਘੰਟੇ ਹੀ ਆ ਰਹੀ ਹੈ | ਉਸ ਵਿਚੋਂ ਵੀ ਕਈ ਵਾਰ ਟਰਿੱਪ ਮਾਰ ਜਾਂਦੀ ਹੈ, ਜਿਸ ਨਾਲ ਬਿਜਾਈ ਦਾ ਕੰਮ ਵਿਚ ਵਿਚਾਲੇ ਹੀ ਰੁਕ ਜਾਂਦਾ ਹੈ | ਉਪਰੋਕਤ ਕਿਸਾਨਾਂ ਨੇ ਮੰਗ ਕੀਤੀ ਹੈ ਕਿ ਬਿਜਲੀ ਸਪਲਾਈ ਘੱਟੋ-ਘੱਟ 10 ਘੰਟੇ ਦਿੱਤੀ ਜਾਵੇ ਤਾਂ ਜੋ ਰੌਣੀ ਦਾ ਕੰਮ ਛੇਤੀ ਤੋਂ ਛੇਤੀ ਹੋ ਸਕੇ |