ਨੂਰਪੁਰ ਬੇਦੀ, 31 ਅਕਤੂਬਰ (ਵਿੰਦਰਪਾਲ ਝਾਂਡੀਆਂ)-ਸਿੱਖਿਆ ਵਿਭਾਗ ਪੰਜਾਬ ਦੇ ਨਿਰਦੇਸ਼ਾਂ ਤਹਿਤ ਬੀਤੇ ਦਿਨ ਲੜਕੀਆਂ ਦਾ ਅੰਡਰ-19 ਵੇਟ ਲਿਫ਼ਟਿੰਗ ਦਾ ਹੁਸ਼ਿਆਰਪੁਰ ਵਿਖੇ ਹੋਏ ਟੂਰਨਾਮੈਂਟ ਵਿਚ ਸਰਕਾਰੀ ਕੰਨਿਆ ਸੀਨੀਅਰ ਸਕੈਂਡਰੀ ਸਕੂਲ ਨੂਰਪੁਰ ਬੇਦੀ ਦੀਆਂ ਵੇਟ ਲਿਫ਼ਟਿੰਗ ਖਿਡਾਰਨਾਂ ਨੇ ਜ਼ਿਲ੍ਹਾ ਰੂਪਨਗਰ ਵਲੋਂ ਖੇਡਦੇ ਹੋਏ, ਲਗਾਤਾਰ ਪੰਜਵੀਂ ਵਾਰ ਸਟੇਟ ਚੈਂਪੀਅਨਸ਼ਿਪ 'ਤੇ ਕਬਜ਼ਾ ਕਰਕੇ ਇਤਿਹਾਸ ਰਚਿਆ ਹੈ | ਇਸ ਟੂਰਨਾਮੈਂਟ ਵਿਚ ਸਕੂਲ ਦੀ ਖਿਡਾਰਨ ਹਰਪ੍ਰੀਤ ਕੌਰ ਨੇ 48 ਕਿੱਲੋ ਭਾਰ ਵਰਗ ਵਿਚ ਸਿਲਵਰ ਮੈਡਲ, ਗੁਲਰੀਨ ਕੌਰ ਨੇ 58 ਕਿੱਲੋ ਭਾਰ ਵਰਗ ਵਿਚ ਗੋਲਡ ਮੈਡਲ, ਵੰਸ਼ਿਕਾ ਵਰਮਾ ਨੇ 77 ਕਿੱਲੋ ਭਾਰ ਵਰਗ ਵਿਚ ਗੋਲਡ ਮੈਡਲ, ਹਰਲੀਨ ਨੇ 86 ਕਿੱਲੋ ਭਾਰ ਵਰਗ ਵਿਚ ਗੋਲਡ ਮੈਡਲ ਜਿੱਤ ਕੇ ਸਕੂਲ ਦਾ ਨਾਂਅ ਅਤੇ ਜ਼ਿਲੇ੍ਹ ਦਾ ਨਾਮ ਰੌਸ਼ਨ ਕੀਤਾ ਅਤੇ ਮਾਣ ਵਧਾਇਆ ਹੈ | ਹੁਣ ਇਹ ਤਿੰਨਾਂ ਖਿਡਾਰਨਾਂ ਮਹਾਰਾਸ਼ਟਰ ਵਿਖੇ ਸਕੂਲ ਨੈਸ਼ਨਲ ਖੇਡਾਂ ਵਿਚ ਭਾਗ ਲੈਣ ਲਈ ਜਾਣਗੀਆਂ | ਸਕੂਲ ਵਿਚ ਹੋਏ ਸਮਾਗਮ ਦੇ ਦੌਰਾਨ ਸਕੂਲ ਦੇ ਪਿ੍ੰਸੀਪਲ, ਕੋਚ ਅਤੇ ਸਟੇਟ ਅਵਾਰਡੀ ਬਲਜਿੰਦਰ ਰੀਹਲ ਨੇ ਸਕੂਲ ਦੀਆਂ ਖਿਡਾਰਨਾਂ ਦਾ ਸ਼ਾਨਦਾਰ ਸਵਾਗਤ ਕੀਤਾ ਹੈ | ਉਨਾਂ ਨੇ ਦੱਸਿਆ ਕਿ ਪਿਛਲੇ ਪੰਜਾਂ ਸਾਲਾਂ ਤੋਂ ਇਹ ਖਿਡਾਰਨਾਂ ਰਾਜ ਪੱਧਰੀ ਚੈਂਪੀਅਨਸ਼ਿਪ ਜਿੱਤ ਰਹੀਆਂ ਹਨ | ਸਕੂਲ ਵਿਚ ਹੋਏ ਸ਼ਾਨਦਾਰ ਸਮਾਗਮ ਦੌਰਾਨ ਸਕੂਲ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਲਖਵਿੰਦਰ ਪਾਲ ਅਤੇ ਸਮੂਹ ਕਮੇਟੀ ਮੈਂਬਰਾਂ ਨੇ ਖਿਡਾਰਨਾਂ ਦਾ ਸਨਮਾਨ ਕੀਤਾ ਤੇ ਵਧਾਈ ਦਿੱਤੀ ਅਤੇ ਭਵਿੱਖ ਵਿਚ ਵੀ ਇਸੇ ਤਰ੍ਹਾਂ ਸਕੂਲ ਤੇ ਆਪਣੇ ਮਾਪਿਆਂ ਦਾ ਨਾਂਅ ਰੌਸ਼ਨ ਕਰਨ ਲਈ ਪ੍ਰੇਰਿਤ ਕੀਤਾ | ਇਸ ਮੌਕੇ 'ਤੇ ਨਿਰਮਲ ਸਿੰਘ , ਪ੍ਰੀਤਮ ਸਿੰਘ, ਬਖਸ਼ੀ ਰਾਮ, ਯਸ਼ਰਾਜ ਰਾਣਾ, ਰਜਨੀ ਖੋਸਲਾ, ਹਰਦੀਪ ਕੌਰ, ਸੀਮਾ, ਪ੍ਰੀਤ ਰਮਨ ਸਮੇਤ ਸਮੂਹ ਸਟਾਫ਼ ਹਾਜ਼ਰ ਸੀ |